ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਅਹੁਦਿਆਂ ਤੋਂ ਹਟਾਏ ਜਾਣ ਬਾਅਦ ਜਿਥੇ ਸਿੱਖ ਸੰਗਤ ਵਿਚ ਭਾਰੀ ਰੋਸ ਹੈ, ਉਥੇ ਅਕਾਲੀ ਦਲ ਬਾਦਲ ਅੰਦਰ ਵੀ ਵੱਡੀ ਬਗ਼ਾਵਤ ਹੋ ਗਈ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਮੰਤਰੀ ਸ਼ਰਨਜਪੀਤ ਸਿੰਘ ਢਿੱਲੋਂ ਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਸਮੇਤ ਹੋਰ ਕਈ ਸੀਨੀਅਰ ਆਗੂਆਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਮਜੀਠੀਆ ਨੇ ਚੰਡੀਗੜ੍ਹ ਵਿਚ ਬਿਆਨ ਜਾਰੀ ਕਰਨ ਤੋਂ ਇਲਾਵਾ ਕਈ ਆਗੂਆਂ ਨਾਲ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫ਼ਰੰਸ ਕਰ ਕੇ ਵਿਰੋਧ ਪ੍ਰਗਟ ਕੀਤਾ ਹੈ।
ਮਜੀਠੀਆ ਅਤੇ ਹੋਰ ਆਗੂਆਂ ਨੇ ਚੰਡੀਗੜ੍ਹ ਵਿਚ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਅਸੀ ਅਕਾਲ ਤਖ਼ਤ ਅਤੇ ਤਖ਼ਤਾ ਦੇ ਜਥੇਦਾਰ ਸਾਹਿਬਾਨ ਦੀ ਮਾਣ ਮਰਿਆਦਾ ਦਾ ਪੂਰਾ ਸਤਿਕਾਰ ਕਰਦੇ ਹਾਂ ਅਤੇ ਅਖ਼ੀਰਲੇ ਸਾਹ ਤਕ ਕਰਦੇ ਰਹਾਂਗੇ। ਇਹ ਮਰਿਆਦਾ ਕਿਸੇ ਇਕ ਵਿਅਕਤੀ ਵਿਸ਼ੇਸ਼ ਤਕ ਸੀਮਤ ਨਹੀਂ ਹੈ। ਜੋ ਵੀ ਜਥੇਦਾਰ ਸਾਹਿਬਾਨ ਇਨ੍ਹਾਂ ਤਖ਼ਤਾਂ ਉਪਰ ਬਿਰਾਜਮਾਨ ਹਨ, ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਅੱਗੇ ਬਿਆਨ ਵਿਚ ਕਿਹਾ ਗਿਆ ਕਿ ਪਿਛਲੇ ਦਿਨਾਂ ਵਿਚ ਜੋ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਫ਼ੈਸਲਾ ਕੀਤਾ ਹੈ, ਉਸ ਨਾਲ ਸਿੱਖ ਸੰਗਤ ਤੇ ਸਾਡੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਗੁਰੂ ਸਾਹਿਬਾਨ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਗਤਾਂ ਦੀਆ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀ ਇਸ ਫ਼ੈਸਲੇ ਨਲਾ ਸਹਿਮਤ ਨਹੀਂ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਸਿੱਖ ਪੰਥ ਵਿਚ ਜੋ ਘਟਨਾਕ੍ਰਮ ਵਾਪਰੇ ਹਨ, ਉਨ੍ਹਾਂ ਨਾਲ ਸਾਡੇ ਮਨ ਵਿਚ ਬਹੁਤ ਦੁਖੀ ਤੇ ਉਦਾਸ ਹਲ। ਇਨ੍ਹਾਂ ਆਗੂਆਂ ਨੇ ਅਕਾਲੀ ਲੀਡਰਸ਼ਿਪ ਤੇ ਸਵਾਲ ਚੁਕਦੇ ਹੋਏ ਕਿਹਾ ਕਿ ਪੰਥ ਭਾਵਨਾਵਾਂ ਮੁਤਾਬਕ ਪਿਛਲੇ ਸਮੇਂ ਵਿਚ ਭਾਵੇਂ ਏਕਤਾ ਦੇ ਕਦਮ ਹੋਣ ਜਾਂ ਹੋਰ ਨਹੀਂ ਚੁਕੇ ਗਏ। ਇਸ ਲਈ ਅਸੀ ਸਾਰੇ ਜ਼ਿੰਮੇਵਾਰ ਹਾਂ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਾਨੂੰ ਇਕ ਰਾਏ ਬਣਾ ਕੇ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਰਲ ਕੇ ਕਦਮ ਚੁਕਣੇ ਚਾਹੀਦੇ ਹਨ। ਉਨ੍ਹਾਂ ਸੁਧਾਰ ਲਹਿਰ ਦੇ ਆਗੂਆਂ ਨੂੰ ਵੀ ਏਕਤਾ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਅੰਮ੍ਰਿਤਸਰ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ਤੇ ਲੋਧੀਨੰਗਲ ਨਾਲ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਹਲਕਾ ਇੰਚਾਰਜ ਅਜਨਾਲਾ ਸ. ਜੋਧ ਸਿੰਘ ਸਮਰਾ, ਸ. ਸਰਬਜੋਤ ਸਿੰਘ ਸਾਬੀ, ਹਲਕਾ ਇੰਚਾਰਜ ਮੁਕੇਰੀਆਂ, ਸ. ਰਮਨਦੀਪ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸ. ਸਿਮਰਨਜੀਤ ਸਿੰਘ ਢਿਲੋਂ, ਯੂਥ ਆਗੂ ਪੰਜਾਬ ਮੌਜੂਦ ਸਨ।
ਇਨ੍ਹਾਂ ਨੇ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਜੋ ਹਾਲਾਤ ਪਿਛਲੇ ਦਿਨਾਂ ਤੋਂ ਚਲ ਰਹੇ ਹਨ ਇਨ੍ਹਾਂ ਨੂੰ ਦੇਖਦੇ ਹੋਏ ਸਾਡੇ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਮਨ ਵਿਚ ਬੜੀ ਪੀੜ ਹੈ ਜਿਸ ਨੂੰ ਮਹਿਸੂਸ ਕਰਦੇ ਹੋਏ ਅਸੀ ਸਮਝਦੇ ਹਾਂ ਕਿ ਇਹ ਲੀਡਰਸ਼ਿਪ ਦੀ ਆਪਸੀ ਖਿਚੋਤਾਣ ਕਰ ਕੇ ਹੋਇਆ ਹੈ। ਅਸੀ ਸਾਰੇ ਸ਼੍ਰੋਮਣੀ ਅਕਾਲੀ ਦਲ ਵਾਲੇ ਅਤੇ ਸੁਧਾਰ ਲਹਿਰ ਵਾਲੇ ਇਕੋ ਪ੍ਰਵਾਰ ਵਿਚ ਰਹਿ ਕੇ ਪਾਰਟੀ ਦਾ ਕੰਮ ਕਰਦੇ ਰਹੇ ਹਾਂ। ਅੱਜ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਸੀ ਖਿਚੋਤਾਣ ਕਰ ਕੇ ਹੀ ਇਹ ਸੱਭ ਕੱੁਝ ਵਾਪਰਿਆ ਹੈ ਜਿਸ ਨਾਲ ਪੰਥ ਵਿਰੋਧੀ ਸ਼ਕਤੀਆਂ ਨੂੰ ਬਲ ਮਿਲਿਆ ਹੈ ਅਤੇ ਪੰਥਕ ਏਕਤਾ ਅਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗੀ ਹੈ ਜਿਸ ’ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਅਸੀ ਅੱਜ ਵੀ ਅਪੀਲ ਕਰਦੇ ਹਾਂ ਕਿ ਆਪਸੀ ਮਤਭੇਦ ਅਤੇ ਰੰਜਸਾਂ ਭੁਲਾ ਕੇ ਦਰਿਆਦਿਲੀ ਦਿਖਾਉਂਦੇ ਹੋਏ ਪਾਰਟੀ ਵਾਸਤੇ ਦਿਤੀਆਂ ਹੋਈਆਂ ਪ੍ਰਵਾਰਾ ਦੀ ਕੁਰਬਾਨੀਆਂ ਨੂੰ ਮੱਦੇਨਜ਼ਰ ਰਖਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਇਕ ਮੰਚ ’ਤੇ ਇੱਕਠੇ ਹੋ ਕੇ ਪੰਜਾਬ ਦੇ ਅਤੇ ਪੰਥ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ।