ਬਲਾਚੌਰ 04 (ਜਤਿੰਦਰ ਪਾਲ ਸਿੰਘ ਕਲੇਰ )
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ ਪੰਜਾਬ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ (ਪੀ ਐਸ ਸੀ ਐਫ ਸੀ ) ਵੱਲੋਂ 31 ਮਾਰਚ 2020 ਤੱਕ 4727 ਪਰਿਵਾਰਾਂ ਨੂੰ ਦਿੱਤੇ 68 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਹ ਕਰਜ਼ੇ 1995 ਤੋਂ ਪਹਿਲਾਂ ਛੋਟੇ ਕਾਰੋਬਾਰਾਂ ਜਿਵੇਂ ਕਿ ਡੇਅਰੀ ਫਾਰਮਿੰਗ, ਕਰਿਆਨੇ ਦੀਆਂ ਦੁਕਾਨਾਂ, ਸਿਲਾਈ, ਬੁਟੀਕ, ਲੱਕੜ ਦੇ ਫਰਨੀਚਰ, ਬਿਲਡਿੰਗ ਮਟੀਰੀਅਲ, ਚਮੜੇ ਦੇ ਸਾਮਾਨ, ਸਿੱਖਿਆ ਅਤੇ ਰੈਸਟੋਰੈਂਟ ਸ਼ੁਰੂ ਕਰਨ ਲਈ ਦਿੱਤੇ ਗਏ ਸਨ।
ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ, “ਇਹ ਕਦਮ ਅਨੁਸੂਚਿਤ ਜਾਤੀ ਭਾਈਚਾਰੇ ਦੇ ਆਰਥਿਕ ਸ਼ਕਤੀਕਰਨ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਵੱਲ ਵੱਡਾ ਕਦਮ ਹੈ। ਮਾਨ ਸਰਕਾਰ ਪੱਛੜੇ ਵਰਗਾਂ ਦੇ ਉਤਥਾਨ ਲਈ ਵਚਨਬੱਧ ਹੈ ਅਤੇ ਇਹ ਫੈਸਲਾ ‘ਜੋ ਕਹਿੰਦੇ ਹਾਂ, ਉਹ ਕਰਦੇ ਹਾਂ’ ਦੀ ਮਿਸਾਲ ਹੈ।”
ਇਸ ਫੈਸਲੇ ਨਾਲ ਪੰਜਾਬ ਦੇ ਅਨੁਸੂਚਿਤ ਜਾਤੀ ਦੇ 4727 ਪਰਿਵਾਰਾਂ ਨੂੰ ਸਿੱਧਾ ਲਾਭ ਪਹੁੰਚੇਗਾ, ਜੋ ਆਰਥਿਕ ਤੌਰ ‘ਤੇ ਪਛੜੇ ਪਰਿਵਾਰਾਂ ਦੀ ਮਦਦ ਕਰੇਗਾ।


