
-ਐਸ.ਡੀ. ਐਮ ਨੂੰ ਸੌਂਪਿਆ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ
ਬਲਾਚੌਰ 20 ਮਈ (ਜਤਿੰਦਰਪਾਲ ਸਿੰਘ ਕਲੇਰ)
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵਲੋਂ ਬਲਾਚੌਰ ਵਿਖੇ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ।ਸਥਾਨਕ ਗੁਰੂ ਰਵਿਦਾਸ ਜੰਝ ਘਰ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਪ੍ਰਦਰਸ਼ਨ ਕਰਕੇ ਐਸ.ਡੀ. ਐਮ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ,ਸੂਬਾ ਸਕੱਤਰ ਅਵਤਾਰ ਸਿੰਘ ਤਾਰੀ,ਇਫਟੂ ਦੇ ਜਿਲ੍ਹਾਂ ਮੀਤ ਪ੍ਰਧਾਨ ਨਿਰਮਲ ਸਿੰਘ ਜੰਡੀ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਆਗੂ ਹਰਦੀਪ ਪਨੇਸਰ ਮੋਹਨਮਾਜਰਾ ,ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੇ ਆਗੂ ਅਨੀਤਾ, ਡੀ.ਟੀ.ਐਫ ਦੇ ਆਗੂ ਮਾਸਟਰ ਚੰਦਰ ਸ਼ੇਖਰ ਕਿਹਾ ਕਿ ਅੱਜ ਮਜਦੂਰ ਜਮਾਤ ਸਾਹਮਣੇ ਵੱਡੀਆਂ ਚੁਣੌਤੀਆਂ ਹਨ।ਇਹਨਾਂ ਚੁਣੌਤੀਆਂ ਨਾਲ ਸਿੱਝਣ ਲਈ ਖਾੜਕੂ ਜਥੇਬੰਦੀਆਂ ਮਜਦੂਰ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਚਾਰ ਕਿਰਤ ਕੋਡ ਮੋਦੀ ਸਰਕਾਰ ਦਾ ਮਜਦੂਰ ਵਰਗ ਉੱਤੇ ਘਾਤਕ ਹਮਲਾ ਹਨ।ਇਹ ਚਾਰ ਕਿਰਤ ਕੋਡ ‘ਉਦਯੋਗਿਕ ਰਿਸ਼ਤਿਆਂ ਸਬੰਧੀ ਕੋਡ-2020’ , ‘ਪੇਸ਼ੇਵਾਰਾਨਾ ਹਿਫ਼ਾਜ਼ਤ, ਤੰਦਰੁਸਤੀ ਅਤੇ ਕੰਮ ਵਾਲੇ ਸਥਾਨ ਦੀਆਂ ਹਾਲਤਾਂ ਸਬੰੰਧੀ ਕੋਡ-2020’ , ‘ਸਮਾਜਿਕ ਸੁਰੱਖਿਆ ਕੋਡ-2020, ਅਤੇ ‘ ਵੇਤਨ ਕੋਡ-2019’ ਹਨ।ਇਹ ਕਿਰਤ ਕੋਡ ਮਜਦੂਰਾਂ ਦੇ ਜਥੇਬੰਦ ਹੋਣ, ਸੰਘਰਸ਼ ਕਰਨ,ਹੜਤਾਲ ਕਰਨ ਵਰਗੇ ਕਿਰਤੀਆਂ ਦੇ ਬੁਨਿਆਦੀ ਅਧਿਕਾਰਾਂ ਉੱਤੇ ਡਾਕਾ ਹਨ।ਜਿਸਤੋਂ ਇਹ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਲਈ ਕਿਰਤੀ ਵਰਗ ਸਿਰਫ ਪੂੰਜੀਪਤੀਆਂ ਦੇ ਮੁਨਾਫ਼ੇ ਦੇ ਆਧਾਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ।ਆਗੂਆਂ ਨੇ ਕਿਹਾ ਕਿ ਮਜਦੂਰ ਵਰਗ ਦੇ ਕੰਮ ਸਥਾਨ ਬੇਹੱਦ ਅਸੁਰੱਖਿਅਤ ਹਨ ਜਿਸ ਕਾਰਨ ਆਏ ਦਿਨ ਹਾਦਸਿਆਂ ਵਿਚ ਮਜਦੂਰਾਂ ਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਇਸਦੇ ਦੋਸ਼ੀ ਮਾਲਕਾਂ ਵਿਰੁੱਧ ਸਰਕਾਰਾਂ ਕੋਈ ਠੋਸ ਕਦਮ ਨਹੀਂ ਚੁੱਕਦੀਆਂ।ਮਜਦੂਰਾਂ ਕੋਲੋਂ 18-18 ਘੰਟੇ ਕੰਮ ਲਿਆ ਜਾਂਦਾ ਹੈ।ਕੱਚੇ ਕਾਮਿਆਂ, ਸਕੀਮ ਵਰਕਰਾਂ ਲਈ ਜੌਬ ਦੀ ਕੋਈ ਗਾਰੰਟੀ ਨਹੀਂ।
ਆਗੂਆਂ ਨੇ ਚਾਰ ਲੇਬਰ ਕੋਡ ਰੱਦ ਕਰਨ,ਮੌਜੂਦਾ ਮਜ਼ਦੂਰ ਕਾਨੂੰਨਾਂ ਨੂੰ ਲਾਗੂ ਕਰਨ,ਉਦਯੋਗਿਕ ਦੁਰਘਟਨਾਵਾਂ ਨੂੰ ਰੋਕਣ ਲਈ ਪੁਖਤਾ ਸੁਰੱਖਿਆ ਉਪਾਅ ਕਰਨ, ਫੈਕਟਰੀ ਇੰਸਪੈਕਟਰਾਂ ਉੱਤੇ ਸੁਰੱਖਿਆ ਉਲੰਘਣ ਰੋਕਣ ‘ਚ ਲਾਪ੍ਰਵਾਹੀ ਵਰਤਣ ਲਈ ਕਾਰਵਾਈ ਕਰਨ,ਪੀ.ਐੱਸ.ਯੂ.ਜ਼ ਦੀ ਨਿੱਜੀਕਰਨ, ਵਿਕਰੀ, ਮੋਨਿਟਾਈਜ਼ੇਸ਼ਨ ਨੂੰ ਬੰਦ ਕਰਨ,
ਲੇਬਰ ਵਿਭਾਗਾਂ ਨੂੰ ਮਜ਼ਬੂਤ ਕਰਨ ਅਤੇ ਲੋੜੀਂਦਾ ਸਟਾਫ਼ ਮੁਹੱਈਆ ਕਰਵਾਉਣ, ਲੇਬਰ ਕੋਰਟਾਂ ਅਤੇ ਟ੍ਰਿਬਿਊਨਲ ਨੂੰ ਸਹੀ ਤੌਰ ‘ਤੇ ਚਲਾਉਣ,
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਨਵੀਂ ਪੈਨਸ਼ਨ ਸਕੀਮ ਰੱਦ ਕਰਨ,ਆਸ਼ਾ, ਮਿਡ ਡੇ ਮੀਲ, ਆਂਗਣਵਾੜੀ ਅਤੇ ਹੋਰ ਕੇਂਦਰੀ ਸਕੀਮਾਂ ਹੇਠ ਮਜ਼ਦੂਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਅਤੇ ਹੱਕ ਦੇਣ,
ਦੇਸ਼ ਭਰ ਵਿੱਚ ਘੱਟੋ-ਘੱਟ ਮਜ਼ਦੂਰੀ 26,000 ਰੁਪਏ ਮਾਸਿਕ ਕਰਨ,ਠੇਕੇ ਉੱਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਪੱਕਾ ਕਰਨ,”ਬਰਾਬਰ ਕੰਮ ਲਈ ਬਰਾਬਰ ਤਨਖ਼ਾਹ” ਨਿਯਮ ਲਾਗੂ ਕਰਨ,ਸਾਰਿਆਂ ਮਜ਼ਦੂਰਾਂ ਲਈ ਘੱਟੋ-ਘੱਟ ਪੈਨਸ਼ਨ ਘੱਟੋ-ਘੱਟ ਤਨਖ਼ਾਹ ਦੇ ਬਰਾਬਰ ਕਰਨ,
ਹਰ ਜ਼ਿਲ੍ਹੇ ਵਿੱਚ ਈ.ਐੱਸ.ਆਈ. ਹਸਪਤਾਲ ਬਣਾਉਣ, ਟਰਾਂਸਪੋਰਟ ਮਜ਼ਦੂਰਾਂ ਲਈ ਬੋਰਡ ਬਣਾਉਣ,
ਰਾਜਾਂ ਵਿਚਕਾਰ ਮਾਈਗ੍ਰੈਂਟ ਮਜ਼ਦੂਰ ਕਾਨੂੰਨ ਲਾਗੂ ਕਰਨ,ਵਿਦੇਸ਼ਾਂ ਵਿੱਚ ਕੰਮ ਕਰ ਰਹੇ ਭਾਰਤੀ ਮਜ਼ਦੂਰਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਕਰਨ,ਵਿਦੇਸ਼ੀ ਸਰਕਾਰਾਂ ਨਾਲ ਸਮਝੌਤੇ ਕਰਕੇ ਉਨ੍ਹਾਂ ਦੀ ਤਨਖ਼ਾਹ, ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ।
ਰੈਲੀ ਵਿਚ ਮਤਾ ਪਾਸ ਕਰਕੇ ਪੁਲਸ ਵਲੋਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਆਗੂਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨ ਅਤੇ ਆਗੂਆਂ ਦੇ ਘਰਾਂ ਉੱਤੇ ਪੁਲਸ ਵਲੋਂ ਛਾਪੇ ਮਾਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।ਬਾਅਦ ਵਿਚ ਸ਼ਹਿਰ ਅੰਦਰ ਮੁਜਾਹਰਾ ਕਰਕੇ ਐਸ.ਡੀ. ਐਮ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ ਅਤੇ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਐਸ.ਐਮ.ਓ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਜਿਲ੍ਹਾਂ ਆਗੂ ਜਸਪਾਲ ਸਿੰਘ ਬਾਗੋਵਾਲ,ਜਿਲ੍ਹਾ ਕਨਵੀਨਰ ਮਦਨ ਲਾਲ ਨੱਥਾਨਗਲ, ਸੁਨੀਤਾ ਰਾਣੀ ਵਿੱਕੀ, ਬੂਟਾ ਸਿੰਘ, ਮੋਹਨੀ, ਪਰਸ਼ੋਤਮ, ਗੋਲਡੀ ਅਤੇ ਬਿੱਟੂ ਆਦਿ ਆਗੂ ਵੀ ਮੌਜੂਦ ਸਨ।


