ਬ੍ਰਿਸਬੇਨ : ਆਸਟਰੇਲੀਆ ਵਿਚ ਇਕ ਵਿਨਾਸ਼ਕਾਰੀ ਗਰਮ ਖੰਡੀ ਚੱਕਰਵਾਤ ਨੇ ਦਸਤਕ ਦੇ ਦਿਤੀ ਹੈ। ਇਸ ਕਾਰਨ ਪੂਰਬੀ ਆਸਟਰੇਲੀਆ ਦੇ ਕੁੱਝ ਹਿੱਸਿਆਂ ਵਿਚ ਵੀਰਵਾਰ ਨੂੰ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ, ਜਿਸ ਕਾਰਨ ਸਕੂਲ ਬੰਦ ਕਰ ਦਿਤੇ ਗਏ ਅਤੇ ਆਵਾਜਾਈ ਵਿਚ ਵਿਘਨ ਪਿਆ।
ਨਿਵਾਸੀਆਂ ਨੇ ਰੇਤ ਦੀਆਂ ਬੋਰੀਆਂ ਦੀ ਘਾਟ ਨਾਲ ਨਜਿੱਠਣ ਲਈ ‘ਪੋਟਿੰਗ ਮਿਕਸ’ (ਪੀਟ ਮੌਸ ਅਤੇ ਜੈਵਿਕ ਪਦਾਰਥਾਂ ਦਾ ਮਿਸ਼ਰਣ ਜੋ ਡਰੇਨੇਜ਼ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ) ਖਰੀਦਿਆ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਲੋਕਾਂ ਨੂੰ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਦੱਖਣੀ ਕੁਈਨਜ਼ਲੈਂਡ ਵਿਚ 660 ਅਤੇ ਉਤਰੀ ਨਿਊ ਸਾਊਥ ਵੇਲਜ਼ ਵਿੱਚ 280 ਸਕੂਲ ਵੀਰਵਾਰ ਨੂੰ ਖ਼ਰਾਬ ਮੌਸਮ ਕਾਰਨ ਬੰਦ ਕਰ ਦਿਤੇ ਗਏ ਸਨ। ਅਲਬਾਨੀਜ਼ ਨੇ ਕਿਹਾ ਕਿ ਸੰਘੀ ਸਰਕਾਰ ਨੇ ਬ੍ਰਿਸਬੇਨ ਨੂੰ 310,000 ਰੇਤ ਦੀਆਂ ਬੋਰੀਆਂ ਪਹੁੰਚਾ ਦਿਤੀਆਂ ਹਨ ਅਤੇ ਹੋਰ ਭੇਜੀਆਂ ਜਾ ਰਹੀਆਂ ਹਨ।
ਮੌਸਮ ਵਿਗਿਆਨ ਬਿਊਰੋ ਦੇ ਮੈਨੇਜਰ ਮੈਟ ਕੋਲੋਪੀ ਨੇ ਕਿਹਾ ਕਿ ਖੰਡੀ ਚੱਕਰਵਾਤ ਅਲਫ਼ਰੇਡ ਦੇ ਸ਼ਨੀਵਾਰ ਸਵੇਰੇ ਕੁਈਨਜ਼ਲੈਂਡ ਰਾਜ ਦੇ ਤੱਟ ਨੂੰ ਪਾਰ ਕਰਨ ਦੀ ਉਮੀਦ ਹੈ, ਜੋ ਕਿ ਸਨਸ਼ਾਈਨ ਕੋਸਟ ਖੇਤਰ ਅਤੇ ਦੱਖਣ ਵਿਚ ਗੋਲਡ ਕੋਸਟ ਸ਼ਹਿਰ ਵਿਚਕਾਰ ਕਿਤੇ ਹੈ। ਇਨ੍ਹਾਂ ਦੋਵਾਂ ਖੇਤਰਾਂ ਦੇ ਵਿਚਕਾਰ ਰਾਜ ਦੀ ਰਾਜਧਾਨੀ ਬ੍ਰਿਸਬੇਨ ਹੈ, ਜੋ ਕਿ ਆਸਟਰੇਲੀਆ ਦਾ ਤੀਜਾ ਸੱਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ ਅਤੇ 2032 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ।
ਕੋਲੋਪੀ ਨੇ ਬ੍ਰਿਸਬੇਨ ਵਿਚ ਪੱਤਰਕਾਰਾਂ ਨੂੰ ਦਸਿਆ, ‘ਤੱਟਵਰਤੀ ਖੇਤਰਾਂ ਵਿਚ ਪਹਿਲਾਂ ਹੀ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ।’ ਇਨ੍ਹਾਂ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।’’ ਇਸ ਗੱਲ ਦੀ ਪ੍ਰਬਲ ਸੰਭਾਵਨਾ ਹੈ ਕਿ ਚੱਕਰਵਾਤ ‘ਐਲਫ਼ਰੇਡ’ ਬ੍ਰਿਸਬੇਨ ਦੇ ਨੇੜੇ ਤੱਟ ਨੂੰ ਪਾਰ ਕਰੇਗਾ। 1974 ਵਿੱਚ ਚੱਕਰਵਾਤ ਜੋਅ ਗੋਲਡ ਕੋਸਟ ਨਾਲ ਟਕਰਾਇਆ ਅਤੇ ਭਾਰੀ ਹੜ੍ਹ ਆਇਆ ਸੀ। ਇਹ ਚੱਕਰਵਾਤ 40 ਲੱਖ ਤੋਂ ਵੱਧ ਆਬਾਦੀ ਵਾਲੇ ਖੇਤਰ ਵਿਚੋਂ ਲੰਘਣ ਵਾਲਾ ਹੈ। ਚੱਕਰਵਾਤ ਦੇ ਪ੍ਰਭਾਵ ਕਾਰਨ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਕਾਰਨ ਇਕ ਵੱਡੇ ਖੇਤਰ ਵਿਚ ਹੜ੍ਹ ਆਉਣ ਦੀ ਸੰਭਾਵਨਾ ਹੈ। ਇਹ ਖ਼ਦਸ਼ਾ ਹੈ ਕਿ ਚੱਕਰਵਾਤ ਕਾਰਨ ਬ੍ਰਿਸਬੇਨ ਦੇ ਤੱਟਵਰਤੀ ਇਲਾਕਿਆਂ ਵਿਚ ਸਥਿਤ 20,000 ਤੋਂ ਵੱਧ ਘਰ ਹੜ੍ਹ ਦੀ ਲਪੇਟ ਵਿਚ ਆ ਸਕਦੇ ਹਨ। (ਏਜੰਸੀ)