Friday, March 14, 2025

ਮੁੱਖ ਮੰਤਰੀ ਵਲੋਂ ਮੋਹਾਲੀ ਵਿਖੇ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ

ਐਸ.ਏ.ਐਸ. ਨਗਰ : ਸਾਹਿਬਜ਼ਾਦਾ ਅਜੀਤ ਨਗਰ (ਮੋਹਾਲੀ) ਨੂੰ ਹੋਰ ਸੁਰੱਖਿਅਤ ਅਤੇ ਅਪਰਾਧ-ਮੁਕਤ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 21.60 ਕਰੋੜ ਰੁਪਏ ਦੀ ਲਾਗਤ ਵਾਲੇ ਤਿਆਰ ਕੀਤੇ ਸਿਟੀ ਸਰਵੀਲੈਂਸ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਹੋਰ ਪੁਖ਼ਤਾ ਕਰਨ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਉੱਨਤ ਏ.ਆਈ-ਆਧਾਰਤ ਨਿਗਰਾਨੀ ਅਤੇ ਟ੍ਰੈਫਿਕ ਨਿਗਰਾਨੀ ਪ੍ਰਣਾਲੀਆਂ ਨਾਲ ਲੈਸ ਇਸ ਅਤਿ-ਆਧੁਨਿਕ ਪ੍ਰਣਾਲੀ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣਾ, ਟ੍ਰੈਫਿਕ ਉਲੰਘਣਾਵਾਂ ਨੂੰ ਰੋਕਣਾ ਅਤੇ ਪ੍ਰਭਾਵਸ਼ਾਲੀ ਕਾਨੂੰਨ ਲਾਗੂਕਰਨ ਯਕੀਨੀ ਬਣਾਉਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 21.60 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਤਿਆਰ ਹੋਇਆ ਇਹ ਪ੍ਰਾਜੈਕਟ ਸੈਕਟਰ-79, ਮੋਹਾਲੀ ਵਿਖੇ ਸਥਿਤ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਮਿਲ ਕੇ ਮੋਹਾਲੀ ਦੀਆਂ 17 ਅਹਿਮ ਥਾਵਾਂ ‘ਤੇ ਲੱਗੇ 351 ਹਾਈ-ਰੈਜ਼ੋਲਿਊਸ਼ਨ ਸੀ.ਸੀ.ਟੀ.ਵੀ ਕੈਮਰਿਆਂ ਨੂੰ ਆਪਸ ਵਿੱਚ ਜੋੜੇਗਾ ਅਤੇ ਨਿਗਰਾਨੀ ਯਕੀਨੀ ਬਣਾਏਗਾ।

ਮੁੱਖ ਮੰਤਰੀ ਨੇ ਕਿਹਾ ਕਿ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ, ਜਨਤਕ ਸੁਰੱਖਿਆ ਵਧਾਉਣ ਅਤੇ ਕਾਨੂੰਨ ਲਾਗੂਕਰਨ ਦੇ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਤਿਆਰ ਕੀਤੇ ਗਏ ਇਸ ਸਿਸਟਮ ਵਿੱਚ 175 ਆਟੋਮੈਟਿਕ ਨੰਬਰ ਪਲੇਟ ਸ਼ਨਾਖ਼ਤ (ਏ.ਐਨ.ਪੀ.ਆਰ) ਕੈਮਰੇ, 50 ਲਾਲ ਬੱਤੀ ਉਲੰਘਣਾ ਡਿਟੈਕਸ਼ਨ (ਆਰ.ਐਲ.ਵੀ.ਡੀ) ਕੈਮਰੇ, ਆਮ ਨਿਗਰਾਨੀ ਲਈ 92 ਬੁਲੇਟ ਕੈਮਰੇ, ਵਧੇਰੇ ਚੌਕਸੀ ਲਈ 18 ਪੀ.ਟੀ.ਜ਼ੈੱਡ (ਪੈਨ, ਟਿਲਟ ਅਤੇ ਜ਼ੂਮ) ਕੈਮਰੇ ਅਤੇ 16 ਕੈਮਰਿਆਂ ਨਾਲ ਲੈਸ ਦੋ ਮੁੱਖ ਸਥਾਨਾਂ ‘ਤੇ ਸਪੀਡ ਉਲੰਘਣਾ ਡਿਟੈਕਸ਼ਨ ਸਿਸਟਮ ਸ਼ਾਮਲ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਆਟੋਮੇਟਿਡ ਈ-ਚਲਾਨ ਸਿਸਟਮ ਨੂੰ ਲਾਗੂ ਕਰੇਗਾ, ਜੋ ਅੱਗੇ ਐਨ.ਆਈ.ਸੀ. ਦੇ ਵਾਹਨ ਅਤੇ ਸਾਰਥੀ ਡੇਟਾਬੇਸ ਨਾਲ ਏਕੀਕ੍ਰਿਤ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਰੈੱਡ-ਲਾਈਟ ਜੰਪਿੰਗ, ਓਵਰਸਪੀਡਿੰਗ, ਟ੍ਰਿਪਲ ਰਾਈਡਿੰਗ, ਗ਼ਲਤ ਸਾਈਡ ਡਰਾਈਵਿੰਗ, ਬਿਨਾਂ ਹੈਲਮੇਟ ਸਵਾਰੀ ਅਤੇ ਸਟਾਪ ਲਾਈਨ/ਜ਼ੈਬਰਾ ਕਰਾਸਿੰਗ ਜਿਹੀਆਂ ਉਲੰਘਣਾਵਾਂ ਲਈ ਈ-ਚਲਾਨ ਆਟੋਮੈਟਿਕ ਜੈਨਰੇਟ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਿਸਟਮ ਪ੍ਰਤੀ ਦਿਨ ਔਸਤਨ 5,000 ਤੋਂ 6,000 ਚਲਾਨ ਕਰੇਗਾ, ਜਿਸ ਨਾਲ ਟ੍ਰੈਫਿਕ ਨਿਯਮ ਲਾਗੂਕਰਨ ਅਤੇ ਨਿਯਮ ਦੀ ਪਾਲਣਾ ਕਰਨ ਵਿੱਚ ਕਾਫ਼ੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੇ ਸਫਲਤਾਪੂਰਵਕ ਲਾਗੂਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਜ਼ਿਲ੍ਹੇ ਭਰ ਵਿੱਚ ਹੋਰ ਥਾਵਾਂ ਨੂੰ ਕਵਰ ਕਰਨ ਵਾਲੇ ਪ੍ਰਾਜੈਕਟ ਦੇ ਦੂਜੇ ਪੜਾਅ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਸ਼ਹਿਰ ਦੇ ਨਿਗਰਾਨੀ ਨੈੱਟਵਰਕ ਵਿੱਚ ਹੋਰ ਵਾਧਾ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਇਸ ਗੱਲ ‘ਤੇ ਖ਼ਾਸ ਤਵੱਜੋ ਦਿੱਤੀ ਗਈ ਹੈ ਕਿ ਅਹਿਮ ਰਣਨੀਤਕ ਥਾਵਾਂ ਨੂੰ ਐਡਵਾਂਸ ਸੀ.ਸੀ.ਟੀ.ਵੀ ਨਿਗਰਾਨੀ, ਪ੍ਰਮੁੱਖ ਟ੍ਰੈਫਿਕ ਜੰਕਸ਼ਨਾਂ ‘ਤੇ ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ (ਏ.ਟੀ.ਸੀ.ਐਸ) ਅਤੇ ਵਾਹਨ ਐਕਚੂਏਟਿਡ ਕੰਟਰੋਲ (ਵੀ.ਏ.ਸੀ) ਨਾਲ ਏ.ਆਈ-ਸੰਚਾਲਿਤ ਪ੍ਰਣਾਲੀ ਨਾਲ ਲੈਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਮਾਰਟ ਟ੍ਰੈਫਿਕ ਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ, ਜੋ ਵਾਹਨਾਂ ਦੀ ਆਵਾਜਾਈ ਅਤੇ ਭੀੜ ਨੂੰ ਘਟਾਉਣ ਲਈ ਅਸਲ-ਸਮੇਂ ਦੇ ਟ੍ਰੈਫਿਕ ਪ੍ਰਵਾਹ ਦੇ ਅਨੁਕੂਲ ਹੋਣਗੀਆਂ। ਉਨ੍ਹਾਂ ਕਿਹਾ ਕਿ ਏਕੀਕ੍ਰਿਤ ਟ੍ਰੈਫਿਕ ਕੋਰੀਡੋਰ ਵੀ ਬਣਾਏ ਜਾਣਗੇ, ਜਿਸ ਨਾਲ ਮੋਹਾਲੀ, ਖਰੜ, ਜ਼ੀਰਕਪੁਰ ਅਤੇ ਡੇਰਾ ਬੱਸੀ ਵਿੱਚ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਆਈ.ਸੀ.ਸੀ.ਸੀ. ਪ੍ਰਾਜੈਕਟ ਸ਼ਹਿਰੀ ਸੁਰੱਖਿਆ ਅਤੇ ਸਮਾਰਟ ਟ੍ਰੈਫਿਕ ਪ੍ਰਬੰਧਨ ਵਿੱਚ ਇੱਕ ਵੱਡਾ ਮੀਲ ਪੱਥਰ ਹੈ। ਮੋਹਾਲੀ ਦੇ ਵਪਾਰਕ, ਆਈ.ਟੀ. ਅਤੇ ਰਿਹਾਇਸ਼ੀ ਹੱਬ ਵਜੋਂ ਤੇਜ਼ੀ ਨਾਲ ਵਿਸਥਾਰ ਦੇ ਮੱਦੇਨਜ਼ਰ ਇਹ ਉਪਰਾਲਾ ਕਾਨੂੰਨ ਵਿਵਸਥਾ ਬਣਾਈ ਰੱਖਣ, ਨਿਰਵਿਘਨ ਟ੍ਰੈਫਿਕ ਪ੍ਰਵਾਹ ਯਕੀਨੀ ਬਣਾਉਣ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੁਰੱਖਿਅਤ ਅਤੇ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਅਤਿ-ਆਧੁਨਿਕ ਤਕਨਾਲੌਜੀ ਦੀ ਵਰਤੋਂ ਕਰਨ ਲਈ ਵਚਨਬੱਧ ਹੈ ਤਾਂ ਜੋ ਸ਼ਹਿਰੀ ਪ੍ਰਸ਼ਾਸਨ ਅਤੇ ਸੁਰੱਖਿਆ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਜਾ ਸਕਣ।

Related Articles

LEAVE A REPLY

Please enter your comment!
Please enter your name here

Latest Articles