Join
Thursday, March 26, 2026
Thursday, March 26, 2026

ਭਾਜਪਾ ਸਰਕਾਰਾਂ ਅਤੇ ਬੀਬੀਐਮਬੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾ ਨਾਲ ਖਿਲਵਾੜ ਕਰ ਰਹੀ ਹੈ- ਹਰਜੋਤ ਬੈਂਸ

ਜੰਗ ਵਰਗੇ ਹਾਲਾਤਾਂ ਦੌਰਾਨ ਬਲੈਕ ਆਊਟ ਮੌਕੇ ਵੀ ਪੰਜਾਬੀਆਂ ਨੇ ਪਾਣੀ ਤੇ ਪਹਿਰੇਦਾਰੀ ਰੱਖੀ ਜਾਰੀ – ਕੈਬਨਿਟ ਮੰਤਰੀ

ਰੂਪਨਗਰ /ਨੰਗਲ 11 ਮਈ (ਜਤਿੰਦਰਪਾਲ ਸਿੰਘ ਕਲੇਰ )

ਪੰਜਾਬ ਵਿਚ ਜਦੋਂ ਜੰਗ ਵਰਗੇ ਹਾਲਾਤ ਹਨ ਅਤੇ ਸਾਡਾ ਸੂਬਾ ਬਾਰਡਰ ਉੱਤੇ ਦੇਸ਼ ਦੀ ਰਾਖੀ ਲਈ ਲੜਾਈ ਲੜ ਰਿਹਾ ਹੈ, ਅਜਿਹੇ ਮੌਕੇ ਬਲੈਕ ਆਊਟ ਦੌਰਾਨ ਵੀ ਭਾਜਪਾ ਸਰਕਾਰਾਂ ਦੀ ਕਟਪੁੱਟਲੀ ਬੀਬੀਐਮਬੀ ਨੇ ਪੰਜਾਬੀਆਂ ਨਾਲ ਖਿਲਵਾੜ ਜਾਰੀ ਰੱਖਿਆ ਹੈ ਅਤੇ ਵਾਰ ਵਾਰ ਨੰਗਲ ਡੈਮ ਅਤੇ ਲੋਹੰਡ ਖੱਡ ਤੋਂ ਹਰਿਆਣਾ ਨੂੰ ਪੰਜਾਬ ਦੇ ਹਿੱਸੇ ਦਾ ਪਾਣੀ ਦੇਣ ਦੀਆਂ ਕੋਝੀਆਂ ਕੋਸ਼ਿਸਾਂ ਕੀਤੀਆਂ ਹਨ। ਪੰਜਾਬੀ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਡੈਮਾਂ ਤੇ ਪਹਿਰੇਦਾਰੀ ਜਾਰੀ ਹੈ ਅਤੇ ਅਸੀ ਆਪਣੇ ਹਿੱਸੇ ਦੀ ਇੱਕ ਬੂੰਦ ਵੀ ਹੋਰ ਰਾਜਾਂ ਨੂੰ ਨਹੀ ਦੇ ਸਕਦੇ। 

    ਅੱਜ ਨੰਗਲ ਡੈਮ ਤੇ ਪਾਣੀਆਂ ਦੀ ਰਾਖੀ ਲਈ ਪਹਿਰੇਦਾਰੀ ਕਰ ਰਹੇ ਹਜ਼ਾਰਾ ਧਰਨਾਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬੀਬੀਐਮਬੀ ਅਧਿਕਾਰੀ ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ਤੇ ਵਾਰ ਵਾਰ ਡੈਮਾ ਤੇ ਪਹੁੰਚ ਕੇ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਲਈ ਖੋਲਣ ਦੀਆਂ ਕੋਸ਼ਿਸਾ ਕਰ ਰਹੇ ਹਨ। ਅਧਿਕਾਰੀ ਜਾਣਦੇ ਹਨ ਕਿ ਪੰਜਾਬ ਦੇ ਬਾਰਡਰ ਸਟੇਟ ਵਿੱਚ ਮੋਜੂਦਾ ਸਮੇਂ ਜੰਗ ਵਰਗੇ ਹਾਲਾਤ ਬਣੇ ਹੋਏ ਹਨ, ਸ਼ਾਮ ਸਮੇਂ ਬਲੈਕ ਆਊਟ ਵਰਗੀ ਸਥਿਤੀ ਹੋ ਜਾਂਦੀ ਹੈ ਅਤੇ ਪੰਜਾਬ ਮੋਜੂਦਾ ਸਮੇਂ ਦੇਸ਼ ਦੀ ਸੁਰੱਖਿਆ ਲਈ ਚਾਕਚੋਬੰਦ ਹੈ। ਇਸ ਦੇ ਬਾਵਜੂਦ ਬੀਬੀਐਮਬੀ ਦੇ ਅਧਿਕਾਰੀ ਹਰ ਸਮੇਂ ਇਸ ਤਰਾਂ ਤਾਕ ਰੱਖ ਕੇ ਚੱਲ ਰਹੇ ਹਨ ਕਿ ਜਦੋਂ ਵੀ ਮੌਕਾ ਮਿਲੇ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਨੂੰ ਖੋਲ ਦਿੱਤਾ ਜਾਵੇ। ਜਦੋ ਕਿ ਉਹ ਜਾਣਦੇ ਹਨ ਕਿ ਸਮੁੱਚੇ ਪੰਜਾਬ ਵਿੱਚ ਇਸ ਸਮੇਂ ਪਾਣੀਆਂ ਦੀ ਰਾਖੀ ਲਈ ਸੂਬੇ ਦੀ ਅਵਾਮ ਇੱਕਜੁੱਟ ਤੇ ਚੋਕੰਨੀ ਹੋ ਗਈ ਹੈ। ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਤੇ ਨਲਾਇਕੀਆਂ ਕਾਰਨ ਜੋ ਨੁਕਸਾਨ ਸਾਡੇ ਸੂਬੇ ਦਾ ਹੋ ਚੁੱਕਾ ਹੈ, ਉਹ ਹੁਣ ਦਰੁਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸੂਬੇ ਦੇ ਵੱਖ ਵੱਖ ਹਲਕਿਆਂ ਤੋਂ ਲੋਕਾਂ ਦੇ ਪ੍ਰਤੀਨਿਧੀ ਆਪਣੇ ਸਾਥੀਆਂ ਨਾਲ ਨੰਗਲ ਡੈਮ ਤੇ ਲੱਗੇ ਪਾਣੀਆਂ ਦੀ ਪਹਿਰੇਦਾਰੀ ਤੇ ਧਰਨੇ ਵਿੱਚ ਸਮੂਲੀਅਤ ਕਰਕੇ ਆਪਣਾ ਸਮਰਥਨ ਦੇ ਰਹੇ ਹਨ। ਅਜਿਹੇ ਮੌਕੇ ਇਹ ਬਿਲਕੁੱਲ ਸੰਭਵ ਨਹੀ ਹੈ ਕਿ ਪੰਜਾਬ ਦੇ ਪਾਣੀਆਂ ਦੇ ਹੱਕਾਂ ਤੇ ਡਾਕਾ ਮਾਰਿਆਂ ਜਾ ਸਕੇ, ਪ੍ਰੰਤੂ ਭਾਜਪਾ ਸਰਕਾਰਾ ਦੀ ਕਟਪੁਤਲੀ ਬਣਿਆ ਬੀਬੀਐਮਬੀ ਪੰਜਾਬ ਦੇ ਸ਼ਾਤਮਈ ਮਾਹੋਲ ਨੂੰ ਭੰਗ ਕਰਨ ਲਈ ਕੋਈ ਕਸਰ ਬਾਕੀ ਨਹੀ ਛੱਡ ਰਿਹਾ। 

   ਸ.ਬੈਂਸ ਨੇ ਕਿਹਾ ਕਿ ਪੰਜਾਬੀਆਂ ਨੇ ਇਸ ਪਹਿਰੇਦਾਰੀ ਵਿੱਚ ਇੱਕਜੁਟਤਾ ਦੀ ਮਿਸਾਲ ਕਾਇਮ ਕੀਤੀ ਹੈ। ਪਾਣੀ ਪੰਜਾਬ ਦੀ ਆਰਥਿਕਤਾ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਸੀ ਦਰਿਆਵਾ, ਨਹਿਰਾ, ਡੈਮਾ ਲਈ ਆਪਣੀਆ ਜਮੀਨਾ ਦਿੱਤੀਆਂ ਹਨ, ਸਾਡੀ ਤਰਾਸਦੀ ਇਹ ਹੈ ਕਿ ਡੈਮਾਂ, ਨਹਿਰਾ ਦੇ ਨੇੜੇ ਸਾਡੀਆਂ ਜ਼ਮੀਨਾ ਪਾਣੀ ਦੀ ਘਾਟ ਕਾਰਨ ਬੰਜਰ ਬਣ ਗਈਆ ਹਨ। ਹੁਣ ਅਸੀ 10 ਹਜ਼ਾਰ ਏਕੜ ਰਕਬੇ ਨੂੰ ਵਾਹੀਯੋਗ ਬਣਾਇਆ ਹੈ ਅਤੇ ਚੰਗਰ ਵਿੱਚ ਲਿਫਟ ਸਿੰਚਾਈ ਯੋਜਨਾਂ ਨਾਲ ਪਾਣੀ ਪਹੁੰਚਾ ਰਹੇ ਹਾਂ। ਪਾਣੀ ਦੀ ਵਰਤੋਂ ਸਿੰਚਾਈ ਲਈ ਜੋ ਪਿਛਲੀਆਂ ਸਰਕਾਰਾ ਨੇ ਸੁਚੱਜੇ ਢੰਗ ਨਾਲ ਕੀਤੀ, ਉਸ ਨੂੰ ਹੁਣ ਵਿਆਪਕ ਸਿੰਚਾਈ ਯੋਜਨਾ ਰਾਹੀ ਖੇਤਾਂ ਵਿਚ ਪਾਣੀ ਪਹੁੰਚਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਨਹੀ ਲੜ ਰਹੀ ਸਗੋਂ ਸਮੁੱਚੇ ਪੰਜਾਬ ਦੇ ਲੋਕ ਲੜ ਰਹੇ ਹਨ। ਉਨ੍ਹਾਂ ਨੇ ਪਾਣੀਆਂ ਦੀ ਪਹਿਰੇਦਾਰੀ ਕਰ ਰਹੇ ਸਾਥੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਦਿਨ ਰਾਤ ਨੰਗਲ ਡੈਮ ਅਤੇ ਲੋਹੰਡ ਖੱਡ ਦੇ ਡੈਮਾਂ ਤੇ ਪਹਿਰਾ ਦੇ ਕੇ ਆਪਣੀ ਜਿੰਮੇਵਾਰੀ ਨੂੰ ਨਿਭਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਾਰ ਵਾਰ ਨੰਗਲ ਡੈਮ ਪਹੁੰਚ ਕੇ ਸਥਿਤੀ ਦਾ ਜਾਇਜਾ ਲੈ ਰਹੇ ਹਨ, ਅਸੀ ਸਪੱਸ਼ਟ ਕਰ ਚੁੱਕੇ ਹਾਂ ਕਿ ਸਾਡੇ ਹਿੱਸੇ ਦਾ ਵਾਧੂ ਪਾਣੀ ਹਰਿਆਣਾ ਨੂੰ ਨਹੀ ਦੇ ਸਕਦੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਦੇਸ਼ ਦੀ ਸਰਹੱਦਾਂ ਦੀ ਰਾਖੀ ਲਈ ਰਾਜਸਥਾਨ ਦੇ ਵੱਖ ਵੱਖ ਸਰਹੱਦੀ ਖੇਤਰਾਂ ਵਿਚ ਤੈਨਾਤ ਸੁਰੱਖਿਆ ਫੋਰਸਾਂ ਲਈ ਪਾਣੀ ਦੀ ਮੰਗ ਦੀ ਰਾਜਸਥਾਨ ਸਰਕਾਰ ਦੀ ਬੇਨਤੀ ਨੂੰ ਤੁਰੰਤ ਪ੍ਰਵਾਨ ਕੀਤਾ ਅਤੇ ਰਾਜਸਥਾਨ ਨੂੰ ਵਾਧੂ ਪਾਣੀ ਦੇ ਕੇ ਮਾਨਵਤਾ ਦਾ ਸੰਦੇਸ਼ ਦਿੱਤਾ ਹੈ। 

       ਸ.ਬੈਂਸ ਨੇ ਕਿਹਾ ਕਿ ਸਾਡੇ ਹੱਕਾਂ ਤੇ ਹਿੱਤਾਂ ਤੇ ਡਾਕਾ ਬਰਦਾਸ਼ਤ ਨਹੀ ਕਰਾਗੇ। ਇਸ ਮੌਕੇ ਧਰਨੇ ਦੇ ਅਗਵਾਈ ਕਰ ਰਹੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸਤੀਸ਼ ਚੋਪੜਾ, ਪੱਮੂ ਢਿੱਲੋ, ਮੁਕੇਸ਼ ਵਰਮਾ, ਰਾਕੇਸ਼ ਵਰਮਾ, ਗੁਰਜਿੰਦਰ ਸਿੰਘ ਸ਼ੋਕਰ, ਐਡਵੋਕੇਟ ਨਿਸ਼ਾਤ ਗੁਪਤਾ, ਹਰਸ਼ਿਤ ਸ਼ਰਮਾ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਹਰਦੀਪ ਸਿੰਘ ਬਰਾਰੀ, ਸੁਮਿਤ ਤਲਵਾੜਾ, ਅੰਕੁਸ਼ ਪਾਠਕ, ਦਲਜੀਤ ਸਿੰਘ ਕਾਕਾ, ਨਿਤਿਨ ਸ਼ਰਮਾ, ਨਿਤਿਨ ਬਾਸੋਵਾਲ ਸਮੇਤ ਇਲਾਕੇ ਦੇ ਪੰਚ, ਸਰਪੰਚ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2