ਆਪ ਮਾਂ ਹਮੇਸ਼ਾਂ ਹੀ ਆਪਣੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾ ਕੇ ਆਪ ਗਿੱਲੀ ਥਾਂ ਤੇ ਪੈਂਦੀ ਹੈ,
ਇਹ ਇੱਕ ਵੱਡਾ ਸੱਚ ਹੈ
ਦੁਨੀਆਂ ਅੰਦਰ ਸਾਲ ਦਾ ਹਰ ਦਿਨ ਆਪਣੇ ਆਪ ਵਿੱਚ ਇੱਕ ਵੱਖਰਾ ਮਹੱਤਵ ਰੱਖਦਾ ਹੈ ਅਤੇ ਕੋਈ ਨਾ ਕੋਈ ਘਟਨਾ, ਦੁਰਘਟਨਾ ਕਿਸੇ ਨਾ ਕਿਸੇ ਦਿਨ ਨਾਲ ਜੁੜੀ ਹੋਈ ਹੈ, ਜਿਸ ਕਰਕੇ ਉਹਨਾਂ ਦਿਨਾਂ ਤੇ ਕੁੱਝ ਯਾਦਾਂ ਅਤੇ ਇਤਿਹਾਸ ਦਾ ਚੇਤਾ ਆਉਂਦਾ ਰਹਿੰਦਾ ਹੈ। ਅੱਜ ਦੇ ਦਿਨ ਨੂੰ “ਮਦਰ ਡੇ” ਯਾਨੀ ਮਾਂ ਦਿਵਸ ਵਜੋਂ ਦਰਜ਼ ਕੀਤਾ ਗਿਆ ਹੈ। ਜਦੋਂ ਬੱਚਾ ਇਸ ਦੁਨੀਆਂ ਵਿੱਚ ਜਨਮ ਲੈਂਦਾ ਹੈ ਤਾਂ ਉਸ ਨੂੰ ਸਿਵਾਏ ਰੋਣ ਦੇ ਹੋਰ ਕੁੱਝ ਨਹੀਂ ਆਉਂਦਾ ਹੁੰਦਾ, ਪਰ ਉਦੋਂ ਵੀ ਉਸ ਨੂੰ ਮਾਂ ਦੀ ਮਿੱਠੀ ਪਿਆਰੀ ਤੇ ਨਿੱਘੀ ਗੋਦੀ ਦਾ ਅਹਿਸਾਸ ਜਰੂਰ ਹੁੰਦਾ ਹੈ। ਉਹ ਕਿੰਨਾ ਵੀ ਰੋਂਦਾ ਕਿਉਂ ਨਾ ਹੋਵੈ- ਪਰ ਜੇਕਰ ਮਮਤਾ ਨਾਲ ਭਰੀ ਮਾਂ ਉਸ ਨੂੰ ਘੁੱਟ ਕੇ ਹਿੱਕ ਨਾਲ ਲਾ ਲਵੇ ਤਾਂ ਝੱਟ ਚੁੱਪ ਕਰ ਜਾਂਦਾ ਹੈ। ਮਾਂ ਆਪਣੇ ਬੱਚੇ ਲਈ ਹਰ ਦੁੱਖ ਸੁੱਖ ਆਪਣੇ ਤਨ ਤੇ ਜਰਦੀ ਹੈ, ਪਰ ਆਪਣੇ ਬੱਚਿਆਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੀ । ਮਾਂ ਮਮਤਾ ਦੀ ਮੂਰਤ, ਪਿਆਰ ਦਾ ਸਾਗਰ, ਦਇਆ ਤੇ ਤਿਆਗ ਦੀ ਦੇਵੀ ਹੈ।ਮਾਂ ਦੀ ਕੁਰਬਾਨੀ ਦਾ ਮੁੱਲ ਕਿਸੇ ਵੀ ਕੀਮਤ ਤੇ ਤਾਰਿਆ ਨਹੀਂ ਜਾ ਸਕਦਾ, ਪਰ ਪਿਆਰ ਸਤਿਕਾਰ ਤਾਂ ਦਿੱਤਾ ਹੀ ਜਾ ਸਕਦਾ ਹੈ। ਮਾਂ ਰੱਬ ਵੱਲੋਂ ਦਿੱਤਾ ਗਿਆ ਦੁਨੀਆਂ ਦਾ ਸਭ ਤੋਂ ਅਨਮੋਲ ਤੋਹਫ਼ਾ ਹੁੰਦਾ ਹੈ। ਰੱਬ ਆਪਣਾ ਸਾਰਾ ਪਿਆਰ ਮਾਂ ਦੇ ਰੂਪ ਵਿੱਚ ਹੀ ਵੰਡਦਾ ਹੈ। ਮਾਂ ਦਾ ਨਿਸਵਾਰਥ ਪਿਆਰ ਹਰ ਇੱਕ ਦੇ ਦਿਲ ਵਿੱਚ ਅਜਿਹੀ ਨਿੱਘੀ ਯਾਦ ਬਣ ਕੇ ਰਹਿੰਦਾ ਹੈ ਕਿ ਮਾਂ ਦੇ ਵਿੱਛੜ ਜਾਣ ਤੋਂ ਬਾਅਦ ਵੀ ਬੱਚਿਆ ਦੇ ਦਿਲਾਂ ਵਿਚ ਉਸ ਦੀ ਗਰਮਾਹਟ ਬਰਕਰਾਰ ਰਹਿੰਦੀ ਹੈ। ਜੋ ਤੇ ਸਾਨੂੰ ਜ਼ਿੰਦਗੀ ਜਿਉਣ ਅਤੇ ਅੱਗੇ ਪ੍ਰੇਰਿਤ ਕਰਦੀ । ਦੁੱਖ ਦੀ ਗੱਲ ਇਹ ਹੈ ਕਿ ਅਜੋਕੇ ਯੁੱਗ ਵਿੱਚ ਬੱਚੇ ਇਸ ਤੋਂ ਵੀ ਮੁਨਕਰ ਹੁੰਦੇ ਜਾ ਰਹੇ ਹਨ। ਆਮ ਤੌਰ ਤੇ ਨਾਰੀ ਦੇ ਚਾਰ ਰੂਪ ਮੰਨੇ ਜਾਂਦੇ ਹਨ- ਮਾਂ, ਭੈਣ, ਪਤਨੀ ਤੇ ਬੇਟੀ । ਇਹਨਾਂ ਵਿਚੋਂ ਮਾਂ ਦੇ ਰੂਪ ਨੂੰ ਸਰਵ-ਉਚ ਸਥਾਨ ਪ੍ਰਾਪਤ ਹੈ। ਮਾਂ ਦਾ ਰੋਲ ਕੇਵਲ ਬੱਚੇ ਨੂੰ ਆਪਣੀ ਕੁੱਖ ਤੋਂ ਜਨਮ ਦੇ ਕੇ ਹੀ ਖਤਮ ਪਿਆਰ ਦੁਲਾਰ ਦੇ ਨਾਲ ਉਸ ਦਾ ਪਾਲਣ-ਪੋਸ਼ਣ ਕਰਨਾ ਤੇ ਜ਼ਿੰਦਗੀ ਵਿੱਚ ਸਹੀ ਰਾਹ ਦਿਖਾਉਣਾ ਵੀ ਉਸ ਦਾ ਫਰਜ਼ ਹੁੰਦਾ ਹੈ। ਇਹ ਮਾਂ ਦਾ ਹੀ ਹਿਰਦਾ ਹੁੰਦਾ ਹੈ ਕਿ ਬੇਸ਼ੱਕ ਪੁੱਤਰ ਜਿਹੋ ਜਿਹਾ ਮਰਜ਼ੀ ਹੋਵੇ, ਮਾਂ ਹਮੇਸ਼ਾਂ ਉਸ ਦੀ ਸੁੱਖ ਹੀ ਲੋੜਦੀ ਹੈ, ਅਸੀਸਾਂ ਦਿੰਦੀ ਹੈ, ਭਾਵੇਂ ਸਾਰਾ ਆਲਾ ਦੁਆਲਾ ਉਸ ਨੂੰ ਦੋਸ਼ੀ ਜਾਂ ਗੁਨਾਹਗਾਰ ਆਖੇ, ਪਰ ਮਾਂ ਕਦੇ ਨਹੀਂ ਮੰਨੇਗੀ ਕਿ ਮੇਰਾ ਪੁੱਤਰ ਦੋਸ਼ੀ ਹੈ । ਪਰ ਦੇਖਣ ਵਿੱਚ ਆਇਆ ਹੈ ਕਿ ਕਈ ਪਰਿਵਾਰਾਂ ਵਿੱਚ ਇਹ ਰੋਲ ਦਾਦੀਆਂ ਨਾਨੀਆਂ ਵੀ ਨਿਭਾਅ ਰਹੀਆਂ ਹਨ। ਮਾਂ ਇੱਕ ਕਲਾਕਾਰ ਹੁੰਦੀ ਹੈ- ਜੋ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਘੜਨ ਲਈ ਆਪਣੀ ਪੂਰੀ ਵਾਹ ਲਾਉਂਦੀ ਹੈ। ਮਾਂ ਦੇ ਜਿਉਂਦੇ ਜੀਅ ਸਾਇਦ ਅਸੀਂ ਉਸ ਦੀ ਕਦਰ ਘੱਟ ਕਰਦੇ ਹਾਂ ਪ੍ਰੰਤੂ ਉਸ ਦੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਜੋ ਘਾਟਾ ਪੈਂਦਾ ਹੈ ਉਸ ਦੀ ਪੂਰਤੀ ਅਸੰਭਵ ਹੈ ।ਅਜੋਕੇ ਸਮੇਂ ਦਾ ਦੁਖਾਂਤ ਹੈ ਮਾਵਾਂ ਬਿਰਧ ਅਸ਼ਰਮਾਂ ਵਿੱਚ ਰੁਲ ਰਹੀਆਂ ਹਨ। ਵਾਗੇ ਮਦਰਜ਼ ਡੇ’ ਤੇ ਖਬਰ ਆਈ ਸੀ, ਕਿ ਬਿਰਧ ਆਸ਼ਰਮ ਦੀਆਂ ਬਜ਼ੁਰਗ ਔਰਤਾਂ ਨੂੰ ਜਦੋਂ ਦੱਸਿਆ ਗਿਆ ਕਿ ਅੱਜ ਮਾਂ
ਦਿਵਸ’ ਹੈ ਤਾਂ ਉਹ ਸਾਰਾ ਦਿਨ ਗੇਟ ਦੇ ਨੇੜੇ ਬੈਠੀਆਂ ਰਹੀਆਂ, ਕਿ ਸ਼ਾਇਦ ਉਹਨਾ ਦਾ ਕੋਈ ਆਪਣਾ ਮਿਲਣ ਆ ਜਾਵੇ। ਕਿੰਨੇ ਨਾ ਸ਼ੁਕਰੇ ਹਾਂ ਅਸੀਂ.. ਕਦੇ ਸੋਚਿਆ ? ਇਸ ਦਿਨ ਸਾਨੂੰ ਸਾਰਿਆ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਪਰਿਵਾਰ ਵਿੱਚ ਆਪਣੇ ਬਜ਼ੁਰਗਾ ਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ। ਫਿਰ ਦੇਖਣਾ ਸਾਨੂੰ ਕਿਸੇ ਬਿਰਧ ਆਸ਼ਰਮ ਦੀ ਜ਼ਰੂਰਤ ਨਹੀਂ ਰਹਿਣੀ ਅਤੇ ਸਾਡੀਆ ਆਉਣ ਵਾਲੀਆ ਪੀੜੀਆ ਅਪਨੀਆ ਦਾਦੀ, ਨਾਨੀਆ ਤੋਂ ਸਮਾਜਿਕ ਸੇਧ ਲੈ ਕੇ ਜਵਾਨ ਹੋਣਗੀਆ। ਇਹੀ ਅਸਲੀ ਮਾਂ ਦਿਵਸ ਹੋਵੇਗਾ।

ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ ਮੋਬਾਈਲ 9814009561


