ਨਵਾਸ਼ਹਿਰ /ਕਾਠਗੜ੍ਹ, 8 ਮਈ (ਜਤਿੰਦਰਪਾਲ ਸਿੰਘ ਕਲੇਰ )
ਬੀਤੇ ਕਈ ਸਾਲਾਂ ਤੋਂ ਧਾਰਮਿਕ ਅਸਥਾਨ ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਵਿਖੇ ਬੱਚਿਆਂ ਤੇ ਨੌਜਵਾਨਾਂ ਨੂੰ ਪਹਿਲਵਾਨੀ ਦੇ ਗੁਰ ਸਿਖਾਏ ਜਾ ਰਹੇ ਹਨ ਅਤੇ ਇਸ ਅਖਾੜੇ ਨੇ ਕਈ ਨਾਮੀ ਪਹਿਲਵਾਨ ਪੈਦਾ ਕੀਤੇ ਹਨ ਜਿਸ ਦੇ ਚਲਦਿਆਂ ਇਹ ਅਖਾੜਾ ਪੰਜਾਬ ਦੇ ਪ੍ਰਸਿੱਧ ਅਖਾੜਿਆਂ ਦੀ ਲੜੀ ਵਿੱਚ ਆਪਣਾ ਨਾਂ ਚਮਕਾ ਰਿਹਾ ਹੈ। ਬੀਤੇ ਦਿਨ ਨੂੰ ਕਬੱਡੀ ਦੀ ਦੁਨੀਆ ਵਿੱਚ ਬੈਸਟ ਰੇਡਰ ਵਜੋਂ ਜਾਣੇ ਜਾਂਦੇ ਵਿਸ਼ਵ ਚੈਂਪੀਅਨ ਦੁੱਲਾ ਬੱਗੇ ਪੁਰੀਆ ਡੇਰਾ ਟਿੱਬੀ ਸਾਹਿਬ ਕਾਠਗੜ੍ਹ ਵਿਖੇ ਪਹੁੰਚੇ ਅਤੇ ਉਹਨਾਂ ਨੇ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਕਾਲੇ ਸ਼ਾਹ ਨਾਲ ਵਿਚਾਰ ਸਾਂਝੇ ਕਰਨ ਉਪਰੰਤ ਪਹਿਲਵਾਨੀ ਸਿੱਖ ਰਹੇ ਬੱਚਿਆਂ ਤੇ ਨੌਜਵਾਨਾਂ ਨੂੰ ਡਾਇਟ ਦਿੱਤੀ ਜਿਸ ਵਿੱਚ 15 ਕਿਲੋ ਬਦਾਮ ਤੇ ਹੋਰ ਮੇਵੇ ਸ਼ਾਮਿਲ ਹਨ। ਉਹਨਾਂ ਚਲਾਏ ਜਾ ਰਹੇ ਇਸ ਅਖਾੜੇ ਦੀ ਤਾਰੀਫ ਕੀਤੀ ਜਿਸ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਸਹੀ ਪਾਸੇ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਸੇਵਾਦਾਰ ਸਾਈਂ ਕਾਲੇ ਸ਼ਾਹ ਨੇ ਦੱਸਿਆ ਕਿ ਕਰੀਬ 25 ਸਾਲ ਪਹਿਲਾਂ ਦੁੱਲਾ ਬੱਗੇਪੁਰੀਆ ਦਾ ਉਸਤਾਦ ਪੰਮਾ ਗਾਂਧੜ ਇੱਥੇ ਰਹਿੰਦਾ ਸੀ ਅਤੇ 2007 ਵਿੱਚ ਦੁੱਲਾ ਬੱਗੇਪੁਰੀਆ ਉਹਨਾਂ ਨਾਲ ਜੁੜਿਆ ਤੇ ਉਹ ਅਕਸਰ ਹੀ ਇਸ ਅਖਾੜੇ ਵਿੱਚ ਆਉਂਦਾ ਰਹਿੰਦਾ ਹੈ।


