ਮੇਲੇ ਵਿੱਚ ਕੀਤੇ ਜਾਣਗੇ ਸੰਗਤ ਲਈ ਯੋਗ ਪ੍ਰਬੰਧ- ਲਾਡੀ ਸੰਧੂ
ਜਲੰਧਰ (ਕਰਮਵੀਰ ਸਿੰਘ)
ਧੰਨ ਧੰਨ ਸਾਈਂ ਬਾਬਾ ਫਕੀਰੇ ਸ਼ਾਹ ਜੀ ਦਾ 21ਵਾਂ ਸਲਾਨਾ ਛਿੰਝ ਅਤੇ ਸੱਭਿਆਚਾਰਕ ਜੋੜ ਮੇਲਾ 21 ਅਤੇ 22 ਮਈ ਬੁੱਧਵਾਰ ਵੀਰਵਾਰ ਨੂੰ ਪਿੰਡ ਖੋਜਕੀਪੁਰ (ਸਲਾਲਾ) ਆਦਮਪੁਰ ਭੋਗਪੁਰ ਜੀ.ਟੀ ਰੋਡ ਜ਼ਿਲ੍ਹਾ ਜਲੰਧਰ ਵਿਖੇ ਹਰ ਸਾਲ ਦੀ ਤਰ੍ਹਾਂ ਨਾਲ ਕਰਵਾਇਆ ਜਾ ਰਿਹਾ ਹੈ। ਇਸ ਕਰਵਾਏ ਜਾ ਰਹੇ ਦੋ ਦਿਨਾਂ ਵਿਸ਼ਾਲ ਧਾਰਮਿਕ ਮੇਲੇ ਦੀ ਜਾਣਕਾਰੀ ਦਿੰਦਿਆਂ ਲਾਡੀ ਸੰਧੂ ਕਨੇਡਾ ਦੇ ਦੱਸਿਆ ਕਿ ਸਲਾਨਾ ਜੋੜ ਮੇਲਾ ਸਾਈਂ ਲੱਕੀ ਸ਼ਾਹ ਜੀ ਦੀ ਸਰਪ੍ਰਸਤੀ ਹੇਠ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਵੇਗਾ। ਜਿਸ ਦੀਆਂ ਪ੍ਰਮੁੱਖ ਰਸਮਾਂ ਨੂੰ ਧਾਰਮਿਕ ਰੀਤੀ ਰਿਵਾਜਾਂ ਸਹਿਤ ਅਦਾ ਕੀਤਾ ਜਾਵੇਗਾ। 21 ਮਈ ਨੂੰ ਸ਼ਾਮ ਤਿੰਨ ਵਜੇ ਵਿਸ਼ਾਲ ਕੁਸ਼ਤੀ ਦੰਗਲ ਹੋਵੇਗਾ। ਜਿਸ ਵਿੱਚ ਪੰਜਾਬ ਭਰ ਤੋਂ ਉੱਘੇ ਅਖਾੜਿਆਂ ਦੇ ਪਹਿਲਵਾਨ ਕੁਸ਼ਤੀ ਦੰਗਲ ਵਿੱਚ ਸ਼ਾਮਿਲ ਹੋਣਗੇ। ਜਿਨ੍ਹਾਂ ਨੂੰ ਦਿਲਕਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਕੁਸ਼ਤੀ ਦਾ ਪਹਿਲਾ ਇਨਾਮ ਸਪਲੈਂਡਰ ਮੋਟਰਸਾਈਕਲ ਹੋਵੇਗਾ ਅਤੇ ਦੂਸਰਾ ਇਨਾਮ ਹ 41000 ਦੀ ਨਗਦੀ ਦਾ ਹੋਵੇਗਾ। 22 ਮਈ ਰਾਤ ਨੂੰ 9 ਵਜੇ ਡਰਾਮਾ ਹੀਰ ਰਾਂਝਾ ਧਰਮਵੀਰ ਪਰਦੇਸੀ ਐਡ ਪਾਰਟੀ ਵਲੋਂ ਖੇਡਿਆ ਜਾਵੇਗਾ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ 22 ਮਈ ਨੂੰ ਦਿਨ ਵੇਲੇ ਗਾਇਕ ਅਤੇ ਕਵਾਲ ਪਰਵੇਜ਼ ਆਲਮ, ਦਲਵਿੰਦਰ ਦਿਆਲਪੁਰੀ, ਆਸ਼ੂ ਚੋਪੜਾ, ਸਰਬਜੀਤ ਸਹੋਤਾ, ਨੂਰ ਸਾਈਂ, ਦੀਪਾ ਮਿਊਂਵਾਲ, ਬਲਵਿੰਦਰ ਸੋਨੂ, ਲਵੀ ਚੌਹਾਨ, ਗੌਰਵ ਥਾਪਰ, ਸਨੀ ਸਾਹਿਬ, ਰੇਸ਼ਮ ਭੱਟੀ ਸਮੇਤ ਕਈ ਹੋਰ ਕਲਾਕਾਰ ਆਪਣੀ ਹਾਜਰੀ ਭਰਨਗੇ। ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਸਮੂਹ ਸੰਗਤ ਦੇ ਬੈਠਣ ਲਈ ਯੋਗ ਪ੍ਰਬੰਧ ਅਤੇ ਲੰਗਰ ਪਾਣੀ ਦਾ ਬਿਹਤਰ ਇੰਤਜ਼ਾਮ ਕੀਤਾ ਜਾਵੇਗਾ। ਮੇਲੇ ਵਿੱਚ ਵੱਖ-ਵੱਖ ਡੇਰਿਆਂ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਜ਼ਿਕਰਯੋਗ ਹੈ ਕਿ ਇਸ ਸਲਾਨਾ ਮੇਲੇ ਵਿੱਚ ਪੰਜਾਬ ਦੇ ਸੁਪਰ ਸਟਾਰ ਗਾਇਕ ਹਾਜ਼ਰੀਆਂ ਭਰ ਚੁੱਕੇ ਹਨ ਅਤੇ ਸੰਗਤ ਹਰ ਸਾਲ ਇਸ ਮੇਲੇ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੀ ਹੈ।


