ਏਅਰ ਇੰਡੀਆ ਦੇ ਜ਼ਿੰਮੇਵਾਰ ਕਰਮਚਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਦੀ ਮੰਗ ਕੀਤੀ
ਨਵਾਂਸ਼ਹਿਰ 26 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਜਥੇਦਾਰ ਸੁਰਜੀਤ ਸਿੰਘ ਦੁਭਾਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਦੁਰਵਿਵਹਾਰ ਲਈ ਜ਼ਿੰਮੇਵਾਰ ਏਅਰ ਇੰਡੀਆ ਦੇ ਕਰਮਚਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਦੁਭਾਲੀ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬਦਸਲੂਕੀ ਦੀ ਘਟਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦੇ ਸਟਾਫ ਦਾ ਗੈਰ-ਜ਼ਿੰਮੇਵਾਰਾਨਾ ਵਿਵਹਾਰ ਅਣਉਚਿਤ ਹੈ। ਜਥੇਦਾਰ ਦੁਭਾਲੀ ਨੇ ਕਿਹਾ ਕਿ ਸਿੰਘ ਸਾਹਿਬ ਪੰਜਾਬ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੀ ਬਹੁਤ ਸਤਿਕਾਰਤ ਸ਼ਖਸੀਅਤ ਹਨ ਅਤੇ ਉਨ੍ਹਾਂ ਨਾਲ ਅਜਿਹੇ ਦੁਰਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਹਰੇਕ ਸਿੱਖ ਦੇ ਮਨ ਨੂੰ ਗਹਿਰੀ ਠੇਸ ਪਹੁੰਚਾਈ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਏਅਰ ਇੰਡੀਆ ਦੇ ਜ਼ਿੰਮੇਵਾਰ ਕਰਮਚਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਦੂਜਿਆਂ ਨੂੰ ਸਬਕ ਮਿਲ ਸਕੇ । ਜਥੇਦਾਰ ਦੁਭਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਇਹ ਮਾਮਲਾ ਸਿੱਧੇ ਤੌਰ ‘ਤੇ ਦੁਨੀਆ ਕਰ ਦੇ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਹਤਿਆ ਹੋਇਆ ਹੈ।


