Join
Wednesday, March 25, 2026
Wednesday, March 25, 2026

ਮਲੇਰੀਆ ਬੁਖ਼ਾਰ ਬਾਰੇ ਜਾਣਕਾਰੀ ਰੱਖਣਾ ਜ਼ਰੂਰੀ : ਡਾ. ਮਾਨ

ਬਲਾਚੌਰ/25 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਵਿੱਚ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਲੋਕਾਂ ਨੂੰ ਮਲੇਰੀਆ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕੀਤਾ।। ਉਨ੍ਹਾਂ ਕਿਹਾ ਕਿ ਹਰ ਸਾਲ ਦੁਨੀਆਂ ਭਰ ਵਿਚ ਮਨਾਏ ਜਾਣ ਵਾਲੇ ਇਸ ਦਿਨ ਦੀ ਅਹਿਮੀਅਤ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੇ 2030 ਤੱਕ ਮਲੇਰੀਆ ਦਾ ਮੁਕੰਮਲ ਖ਼ਾਤਮਾ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ, ਜਿਸ ਦੀ ਪ੍ਰਾਪਤੀ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਲੋਕਾਂ ਨੂੰ ਵੀ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਮਲੇਰੀਆ ਬੁਖ਼ਾਰ ਦੇ ਲੱਛਣ ਦਿਸਣ ’ਤੇ ਤੁਰੰਤ ਨੇੜਲੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਈ ਜਾਵੇ, ਕਿਉਂਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਲੇਰੀਆ ਦੀ ਜਾਂਚ ਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ।

       ਮਲੇਰੀਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਾ. ਮਾਨ ਨੇ ਦੱਸਿਆ ਕਿ ਮਲੇਰੀਆ ਗੰਭੀਰ ਕਿਸਮ ਦਾ ਬੁਖ਼ਾਰ ਹੈ, ਜੋ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਬੁਖ਼ਾਰ ਫੈਲਾਉਣ ਵਾਲਾ ਮੱਛਰ ਬਰਸਾਤ ਦੇ ਮੌਸਮ ਵਿਚ ਵਧਦਾ-ਫੁਲਦਾ ਹੈ। ਉਨ੍ਹਾਂ ਦੱਸਿਆ ਕਿ ਠੰਢ ਤੇ ਕਾਂਬੇ ਨਾਲ ਰੋਜ਼ਾਨਾ ਜਾਂ ਤੀਜੇ ਦਿਨ ਬੁਖ਼ਾਰ ਹੋਣਾ, ਉਲਟੀਆਂ ਤੇ ਸਿਰ ਦਰਦ ਹੋਣਾ, ਬੁਖ਼ਾਰ ਉਤਰਨ ਮਗਰੋਂ ਥਕਾਵਟ ਤੇ ਕਮਜ਼ੋਰੀ ਹੋਣਾ, ਬੁਖ਼ਾਰ ਉਤਰਨ ’ਤੇ ਸਰੀਰ ਦਾ ਪਸੀਨੋ-ਪਸੀਨੀ ਹੋਣਾ ਆਦਿ ਮਲੇਰੀਆ ਦੇ ਮੁੱਖ ਲੱਛਣ ਹਨ। ਖ਼ੂਨ ਦੀ ਜਾਂਚ ਕਰਵਾਉਣ ’ਤੇ ਮਲੇਰੀਆ ਹੋਣ ਜਾਂ ਨਾ ਹੋਣ ਬਾਰੇ ਪਤਾ ਲੱਗ ਜਾਂਦਾ ਹੈ। ਜੇ ਮਲੇਰੀਆ ਨਿਕਲਦਾ ਹੈ ਤਾਂ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਪਾਣੀ ਕਿਸੇ ਵੀ ਥਾਂ ਇਕੱਠਾ ਨਾ ਹੋਣ ਦਿੱਤਾ ਜਾਵੇ। ਇਕੱਠੇ ਹੋਏ ਪਾਣੀ ਵਿਚ ਕਾਲਾ ਤੇਲ ਪਾਇਆ ਜਾਵੇ ਅਤੇ ਛੱਤ ’ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢਕ ਕੇ ਰਖਿਆ ਜਾਵੇ। ਅਜਿਹੇ ਕੱਪੜੇ ਪਾਏ ਜਾਣ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਜੋ ਮੱਛਰ ਨਾ ਕੱਟੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕੀਤੀ ਜਾਵੇ।

ਇਸ ਮੌਕੇ ਡਾ.  ਜਤਿੰਦਰ ਪਾਲ ਸਿੰਘ,  ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ, ਸਿਹਤ ਇੰਸਪੈਕਟਰ ਦਿਲਬਾਗ ਸਿੰਘ, ਹਰਜਿੰਦਰ ਸਿੰਘ, ਪਰਮਵੀਰ ਸਿੰਘ, ਗੁਰਦੀਪ ਸਿੰਘ ਤੇ ਰਾਜੇਸ਼ ਕੁਮਾਰ ਸਮੇਤ ਹੋਰ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2