Join
Wednesday, March 25, 2026
Wednesday, March 25, 2026

ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪੰਜਾਬੀ ਅਤੇ ਅੰਗਰੇਜ਼ੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ‘ਇਨੋਵੇਸ਼ਨ ਡੇਅ’ ਮਨਾਇਆ

ਆਦਮਪੁਰ, 23 ਅਪ੍ਰੈਲ (ਕਰਮਵੀਰ ਸਿੰਘ):

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਿੱਖਿਆ ਡਾਇਰੈਕਟਰ ਸੁਖਮਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਅਤੇ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕਾਲਜ ਵਿਚ ਬੀਤੇ ਦਿਨ ‘ਇਨੋਵੇਸ਼ਨ ਡੇਅ’ ਮਨਾਇਆ ਗਿਆ। ਦੱਸਣਯੋਗ ਹੈ ਕਿ ਇਹ ਸਮਾਗਮ ਕਾਲਜ ਦੇ ਪੰਜਾਬੀ ਅਤੇ ਅੰਗਰੇਜ਼ੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਉਲੀਕਿਆ ਗਿਆ ਸੀ। ਇਸ ਸਮਾਗਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਵਿੰਦਰ ਕੌਰ ਨੇ ਸਟੇਜ ਸਕੱਤਰ ਦੀ ਭੂਮਿਕਾ ਸੰਭਾਲਦਿਆਂ ਮਾਨਵ ਜੀਵਨ ਵਿਚ ਰੰਗਮੰਚ ਦੀ ਅਹਿਮੀਅਤ ਬਾਰੇ ਦੱਸਿਆ। ਉਪਰੰਤ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਬਲਵਿੰਦਰ ਸਿੰਘ ਥਿੰਦ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਰਚਨਾ ਤੁਲੀ ਨੇ ਆਪਣੇ ਵਿਸ਼ਿਆਂ ਦੇ ਹਵਾਲੇ ਰਾਹੀਂ ਮਾਨਵ ਜੀਵਨ ਵਿਚ ਰੰਗਮੰਚ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ। ਇਸ ਮੌਕੇ ਸਮਾਗਮ ਦੇ ਮੁੱਖ ਵਕਤਾ ਇਤਿਹਾਸ ਵਿਭਾਗ ਦੇ ਐਸੋਸਿਏਟ ਪ੍ਰੋਫੈਸਰ ਡਾ. ਰਾਕੇਸ਼ ਬਾਵਾ ਨੇ ਮਾਨਵ ਜੀਵਨ ਵਿਚ ਰੰਗਮੰਚ ਦੀ ਕਲਾ ਦਾ ਸਿਧਾਂਤਕ ਪਰਿਪੇਖ ਉਲੀਕਦਿਆਂ ਕਿਹਾ ਕਿ ਜੀਵਨ ਦੀ ਹਰ ਕਲਾ ਨੂੰ ਰੁਜ਼ਗਾਰ ਦੇ ਝਰੋਖੇ ਵਿਚੋਂ ਤਰਾਸ਼ਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਡਾ. ਰਾਕੇਸ਼ ਬਾਵਾ ਪੀਐਚ.ਡੀ. ਭਾਰਤੀ ਸਿਨੇਮਾ ਜਗਤ ’ਤੇ ਹੋਣ ਕਾਰਨ ਉਨ੍ਹਾਂ ਨੇ ਰੰਗਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਹਵਾਲਿਆਂ ਸਹਿਤ ਦੱਸਿਆ ਕਿ ਕਿਹਾ ਕਿ ਰੰਗਮੰਚ ਨੇ ਜੇਕਰ ਆਮ ਮਨੁੱਖ ਨੂੰ ਮਹਾਨਤਾ ਦਿੱਤੀ ਹੈ ਤਾਂ ਮਹਾਨ ਸ਼ਖ਼ਸੀਅਤਾਂ ਨੇ ਵੀ ਆਪਣੀ ਅਭਿਨੈ ਕਲਾ ਰਾਹੀਂ ਦੇਸ਼ ਅਤੇ ਭਾਰਤੀ ਕਲਾ ਨੂੰ ਵਡਮੁੱਲਾ ਯੋਗਦਾਨ ਦਿੱਤਾ ਹੈ, ਜਿਨ੍ਹਾਂ ’ਤੇ ਦੇਸ਼ ਨੂੰ ਸਦਾ ਮਾਣ ਰਹੇਗਾ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਦੇ ਵਿਭਾਗਾਂ ਵੱਲੋਂ ਕਰਵਾਇਆ ਗਿਆ ‘ਇਨੋਵੇਸ਼ਨ ਡੇਅ’ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਸਾਡੀ ਜੀਵਨ ਕਾਰਜਸ਼ੈਲੀ ਵਿਚ ਮੈਕਰੋ ਅਤੇ ਮਾਈਕਰੋ ਤਕਨੀਕਾਂ ਹੁੰਦੀਆਂ ਹਨ। ਹਰ ਕਾਰਜ ਦੀ ਸ਼ੁਰੂਆਤ ਮਾਈਕਰੋ ਤਕਨੀਕ ਨਾਲ ਹੋਣੀ ਚਾਹੀਦੀ ਹੈ। ਅਸੀਂ ਰੋਜ਼ਮਰਾ ਜੀਵਨ ਦੇ ਹਰ ਖੇਤਰ ਵਿਚ ਕਲਾ ਦਾ ਪ੍ਰਦਰਸ਼ਨ ਕਰਦੇ ਹਾਂ, ਜਿਸ ਨੂੰ ਵੇਖਣ ਵਾਲੀ ਪਾਰਖੂ ਅੱਖ ਚਾਹੀਦੀ ਹੈ। ਸਾਨੂੰ ਕਲਾ ਦੇ ਕਿਸੇ ਵੀ ਖੇਤਰ ਵਿਚ ਆਪਣੇ ਕਿੱਤੇ ਦਾ ਭਵਿੱਖ ਤਲਾਸ਼ਣ ਲਈ ਮਾਈਕਰੋ ਤਕਨੀਕ ਨੂੰ ਵਿਸਾਰਨਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਜੀਵਨ ਵਿਚ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ, ਜੇਕਰ ਸਾਡੇ ਇਰਾਦੇ ਵੱਡੇ ਹੋਣਗੇ ਤਾਂ ਅਸੀਂ ਜੀਵਨ ਵਿਹਾਰ ਵਿਚ ਵੇਖੇ ਜਾਂਦੇ ਛੋਟੇ ਕਿੱਤਿਆਂ ਨੂੰ ਵੀ ਵੱਡੇ ਅਤੇ ਮਹਾਨ ਕਾਰਜਾਂ ਵਿਚ ਪ੍ਰਾਪਤੀ ਵਜੋਂ ਹਾਸਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਰਜ ਨੂੰ ਸਟਾਰਟ ਅੱਪ ਕਰਨ ਲਈ ਜੇਕਰ ਸਾਡੀ ਬਾਰੀਕੀ ਸੂਝ ਅਤੇ ਵੱਡੇ ਇਰਾਦੇ ਹੋਣਗੇ ਤਾਂ ਅਸੀਂ ਆਪਣੇ ਭਵਿੱਖ ਨੂੰ ਰੌਸ਼ਨ ਕਰ ਸਕਦੇ ਹਾਂ। ਇਸ ਸਾਰੇ ਸਮਾਗਮ ਵਿਚ ਵਿਦਿਆਰਥੀਆਂ ਦੀ ਉਤਸੁਕਤਾ ਬਣੀ ਰਹੀ।

Related Articles

LEAVE A REPLY

Please enter your comment!
Please enter your name here

Latest Articles

2

2