ਵਿਦਿਆਰਥੀਆਂ ਨੇ ਸੋਲੋ ਡਾਂਸ ਕੀਤਾ, ਵਿਸਾਖੀ ਅਤੇ ਡਾ. ਅੰਬੇਡਕਰ ਦੇ ਜੀਵਨ ਤੇ ਪਾਇਆ ਚਾਨਣਾ
ਅਜਿਹੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀ ਆਪਣੇ ਤਿਉਹਾਰਾਂ ਅਤੇ ਮਹਾਨ ਵਿਅਕਤੀਆਂ ਦੇ ਜੀਵਨ ਬਾਰੇ ਹੁੰਦੇ ਹਨ ਜਾਗਰੂਕ – ਡਾ. ਆਸ਼ਾ ਸ਼ਰਮਾ
ਨਵਾਂਸ਼ਹਿਰ, 12 ਅਪ੍ਰੈਲ(ਜਤਿੰਦਰ ਪਾਲ ਸਿੰਘ ਕਲੇਰ)
ਕਰਿਆਮ ਰੋਡ ’ਤੇ ਸਥਿਤ ਕੇ.ਸੀ. ਪਬਲਿਕ ਸਕੂਲ ’ਚ ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਦੀ ਦੇਖ-ਰੇਖ ’ਚ ਵਿਸਾਖੀ ਦਾ ਤਿਉਹਾਰ ਅਤੇ ਡਾ.ਬੀ.ਆਰ.ਅੰਬੇਦਕਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ’ਚ ਨਰਸਰੀ ਤੋਂ ਲੈ ਕੇ ਪੰਜਵੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਸਟੇਜ ’ਤੇ ਆਪਣੇ ਜੌਹਰ ਦਿਖਾਏ। ਨਰਸਰੀ ਤੋਂ ਲੈ ਕੇ ਦੂਸਰੀ ਕਲਾਸ ਤਕ ਦੇ ਵਿਦਿਆਰਥੀਆਂ ਨੇ ਸਟੇਜ ’ਤੇ ਭੰਗੜਾ ਅਤੇ ਗਿੱਧਾ ਪਾਇਆ ਅਤੇ ਹੱਥਾਂ ’ਚ ਕਣਕ ਦੀ ਬੱਲੀਆ ਫੜੀਆ ਸਨ। ਵਿਦਿਆਰਥੀਆਂ ਨੇ ਵਿਸਾਖੀ ਆਈ ਵਿਸਾਖੀ ਆਈ, ਮੁੱਕ ਗਈ ਕਣਕਾ ਦੀ ਰਾਖੀ, ਓ ਜੱਟਾ ਆਈ ਵਿਸਾਖੀ.., ਜੁੱਤੀ ਲੈਦੇ ਘੁੰਗਰੂਆਂ ਵਾਲੀ, ਜੁੱਤੀ ਕਸੂਰੀ ਆਵੇ ਨਾ ਪੂਰੀ, ਮੇਰੇ ਪਿੰਡ ਦੇ ਗੇੜੇ ਮਾਰਦਾ.., ਉਡਦਾਉ ਉਡਦਾ ਮੋਰ ਮੇਰੀ ਚੀਚੀ ਉਤੇ ਬਹਿ ਗਿਆ.. ਆਦਿ ਗੀਤਾਂ ’ਤੇ ਡਾਂਸ ਕੀਤਾ। ਪ੍ਰੋਗਰਾਮ ਕੋਆਰਡੀਨੇਟਰ ਰਾਜਵੀਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪੋਸਟਰ ਵੀ ਬਣਾਏ ਸਨ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਹੋਰ ਆਈਟਮਾਂ ਵੀ ਲਿਆਂਦੀਆਂ ਸਨ। ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਅਤੇ ਤੀਸਰੇ ਤੋਂ ਲੈ ਕੇ ਪੰਜਵੀ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਵਿਸਾਖੀ ਪੰਜਾਬ ਵਾਸੀਆਂ ਲਈ ਕਣਕ ਦੀ ਵਾਢੀ ਦਾ ਤਿਉਹਾਰ ਹੈ। ਅੱਜ ਦੇ ਦਿਨ 13 ਅਪ੍ਰੈਲ 1699 ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਰੋਲਟ ਐਕਟ ਦੇ ਖਿਲਾਫ 13 ਅਪ੍ਰੈਲ 1919 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜਲਿਆਂਵਾਲਾ ਬਾਗ ’ਚ ਸਭਾ ਕੀਤੀ ਜਾ ਰਹੀ ਸੀ। ਜਿਸ ’ਚ ਜਨਰਲ ਡਾਇਰ ਨਾਂ ਦੇ ਅਧਿਕਾਰੀ ਨੇ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ’ਚ 484 ਦੇ ਕਰੀਬ ਲੋਕ ਸ਼ਹੀਦ ਹੋਏ ਸਨ। ਇਸ ਘਟਨਾ ਦਾ ਬਹੁਤ ਸਾਰੇ ਦੇਸ਼ ਭਗਤਾਂ ’ਤੇ ਬਹੁਤ ਪ੍ਰਭਾਵ ਪਿਆ। ਇਸ ਦਿਨ ਵਿਸਾਖੀ ਮਨਾਉਣ ਲਈ ਹਰ ਕੋਈ ਧਾਰਮਿਕ ਸਥਾਨਾਂ ’ਤੇ ਇਸ਼ਨਾਨ ਕਰਨ ਅਤੇ ਮੱਥਾ ਟੇਕਣ ਲਈ ਜਾਂਦੇ ਹਨ। ਵਿਦਿਆਰਥੀਆਾਂ ਨੇ ਦੱਸਿਆ ਡਾ. ਅੰਬੇਡਕਰ ਸਾਹਿਬ ਜੀ ਦੇ ਜੀਵਨ ਅਤੇ ਵਿਸਾਖੀ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਸਾਹਿਬ ਦੇ ਜਨਮ ਦਿਨ ਮਨਾਇਆ ਜਾਂਦਾ ਹੈ। ਡਾ. ਅੰਬੇਡਕਰ ਸਾਹਿਬ ਵੱਲੋਂ ਦਲਿਤ ਸਮਾਜ ਦੀ ਤਰੱਕੀ ਲਈ ਕੀਤੇ ਕੰਮਾਂ ਦੇ ਨਤੀਜੇ ਵਜੋਂ ਅੱਜ ਦਲਿਤ ਸਮਾਜ ਪੜ੍ਹੇ ਲਿਖੇ ਅਤੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ। ਅਜਿਹੇ ਪ੍ਰੋਗਰਾਮਾਂ ਰਾਹੀਂ ਬੱਚੇ ਆਪਣੇ ਤਿਉਹਾਰਾਂ ਪ੍ਰਤੀ ਜਾਗਰੁਕ ਰਹਿੰਦੇ ਹਨ। ਮੌਕੇ ’ਤੇ ਮੋਨਿਕਾ ਰਾਣੀ, ਨੀਰਜ, ਸੋਨੂੰ, ਕਮਲਜੀਤ, ਦਿਵਿਆ ਦੇ ਨਾਲ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਰਿਹਾ।



