ਨਵਾਂਸ਼ਹਿਰ /ਬੰਗਾ 3 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸਾਨੂੰ ਸਰੀਰ ਵਿਚ ਹੱਡੀਆਂ ਦੀ ਮਜ਼ਬੂਤੀ ਲਈ ਵਿਟਾਮਿਨ ਡੀ ਅਤੇ ਕੈਲਸ਼ੀਅਮ ਭਰਪੂਰ ਖਾਧ ਪ੍ਰਦਾਰਥ ਖਾਣੇ ਚਾਹੀਦੇ ਹਨ, ਜਿਸ ਨਾਲ ਹੱਡੀਆਂ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ”, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹੱਡੀਆਂ ਅਤੇ ਜੋੜ ਬਦਲੀ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐਸ ਐਸ ਆਰਥੋਪੈਡਿਕ ਨੇ ਹਸਪਤਾਲ ਵਿਖੇ ਲੱਗੇ ਬੋਨ ਡੈਨਸਿਟੀ ਕੈਂਪ ਵਿਚ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟਾਏ । ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਹੱਡੀਆਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ, ਜਿਸ ਦਾ ਪ੍ਰਮੁੱਖ ਕਾਰਨ ਸਰੀਰ ਵਿਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਘਾਟ ਹੋਣ ਕਰਕੇ ਹੱਡੀਆਂ ਦੀ ਕਮਜ਼ੋਰੀ ਹੋਣਾ ਹੁੰਦਾ ਹੈ । ਇਸ ਲਈ ਸਮੇਂ ਸਿਰ ਹੱਡੀਆਂ ਦੀ ਜਾਂਚ ਕਰਨ ਨਾਲ ਇਲਾਜ ਵਧੀਆ ਅਤੇ ਜਲਦੀ ਹੁੰਦਾ ਹੈ। ਡਾਕਟਰ ਵਾਰੀਆ ਨੇ ਦੱਸਿਆ ਕਿ ਵਿਟਾਮਿਨ ਡੀ ਅਤੇ ਕੈਲਸ਼ੀਅਮ ਭਰਪੂਰ ਭੋਜਨ ਸਾਡੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ, ਕਿਉਂਕਿ ਇਹ ਦੋਵੇਂ ਤੱਤ ਹੱਡੀਆਂ ਦਾ ਨਿਰਮਾਣ ਕਰਨ ਲਈ ਤੇ ਹੱਡੀਆਂ ਨੂੰ ਤੰਦਰੁਸਤ ਤੇ ਲੰਬੇ ਸਮੇਂ ਤਕ ਤਾਕਤਵਰ ਰੱਖਣ ਲਈ ਅਤੀ ਜ਼ਰੂਰੀ ਹੁੰਦੇ ਹਨ। ਉਹਨਾਂ ਨੇ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਪੁਰਸ਼ਾਂ ਨੂੰ ਆਪਣੀ ਖੁਰਾਕ ਵਿਚ ਰੋਜ਼ਾਨਾ ਕੈਲਸ਼ੀਅਮ ਯੁਕਤ ਭੋਜਨ ਕਰਨ ਲਈ ਜਾਗਰੂਕ ਕੀਤਾ । ਇਸ ਦੇ ਨਾਲ ਹੱਡੀਆਂ ਦੀ ਮਜ਼ਬੂਤੀ ਨੂੰ ਵਧਾਉਣ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟਾਂ ਦੀ ਸਰੀਰਕ ਕਸਰਤ, ਸੈਰ, ਜੌਗਿੰਗ ਕਰਨ ਦੀ ਸਲਾਹ ਦਿੱਤੀ। ਹਸਤਪਾਲ ਢਾਹਾਂ ਕਲੇਰਾਂ ਵਿਖੇ ਹੱਡੀਆਂ ਦੀ ਜਾਂਚ ਕਰਨ ਵਾਲਾ ਬੌਨ ਡੈਨਸਿਟੀ ਫਰੀ ਟੈਸਟ ਕੈਂਪ ਅੱਜ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਦੇ ਲੋੜਵੰਦ ਮਰੀਜ਼ਾਂ ਮਦਦ ਕਰਨ ਲਈ ਗਿਆ ਸੀ । ਜਿਸ ਵਿਚ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੇ ਬੋਨ ਡੈਨਸਿਟੀ ਟੈਸਟ ਫਰੀ ਕਰਵਾਕੇ ਡਾਕਟਰ ਪਰਮਿੰਦਰ ਸਿੰਘ ਵਾਰੀਆ ਤੋਂ ਆਪਣੀ ਜਾਂਚ ਕਰਵਾਈ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਅਮਿਤ ਕੁਮਾਰ ਟੈਕਨੀਸ਼ੀਅਨ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਦਾ ਸਟਾਫ ਵੀ ਹਾਜ਼ਰ ਸੀ ।