ਨਵਾਂਸ਼ਹਿਰ, 2 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਸਰਕਾਰ ਵੱਲੋਂ ਚਲਾਈ ਜਾ ਰਹੀ ਪੀ.ਐਮ ਵਿਸ਼ਵਕਰਮਾ ਸਕੀਮ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਸਕੀਮ ਅਧੀਨ ਪੋਰਟਲ ‘ਤੇ ਪੈਂਡਿੰਗ ਪਈਆਂ ਦਰਖ਼ਾਸਤਾਂ ਦੇ ਨਿਪਟਾਰੇ ਅਤੇ ਸਕੀਮ ਦੀ ਪ੍ਰਗਤੀ ਸਬੰਧੀ ਚਰਚਾ ਕੀਤੀ ਗਈ। ਉਨ੍ਹਾਂ ਵੱਲੋਂ ਸਕੀਮ ਅਧੀਨ ਜਾਗਰੂਕਤਾ ਲਿਆਉਣ ਲਈ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨਵਾਂਸ਼ਹਿਰ, ਰਾਹੋਂ, ਬੰਗਾ ਅਤੇ ਬਲਾਚੌਰ ਨੂੰ ਕੈਂਪ ਲਗਾਉਣ ਲਈ ਵੀ ਕਿਹਾ ਗਿਆ। ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਜੋ ਸ਼ਹਿਰ ਵਾਸੀ ਹੱਥੀ ਕੰਮ ਜਿਵੇਂ ਕਿ ਨਾਈ, ਮਿਸਤਰੀ, ਦਰਜ਼ੀ, ਕਾਰਪੇਂਟਰ, ਲੁਹਾਰ ਦਾ ਕੰਮ, ਬੂਟ ਬਣਾਉਣ ਦਾ ਕੰਮ, ਬੂਟੀਕ ਆਦਿ ਦਾ ਕੰਮ ਕਰਦੇ ਹਨ, ਉਹ ਇਸ ਸਕੀਮ ਵਿਚ ਅਪਲਾਈ ਕਰ ਸਕਦੇ ਹਨ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ 5 ਤੋਂ 7 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਇਸ ਟ੍ਰੇਨਿੰਗ ਦਾ ਪ੍ਰਤੀ ਦਿਨ 500 ਰੁਪਏ ਦਾ ਟ੍ਰੇਨਿੰਗ ਸਟਾਈਫੰਡ ਵੀ ਲਾਭਪਾਤਰੀ ਨੂੰ ਦਿੱਤਾ ਜਾਵੇਗਾ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ 15000 ਰੁਪਏ ਤੱਕ ਦੀ ਕਿੱਟ ਵੀ ਲਾਭਪਤਾਰੀ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇ ਕੋਈ ਲਾਭਪਾਰਤੀ ਇਸ ਸਕੀਮ ਅਧੀਨ ਲੋਨ ਲੈਣਾ ਚਾਹੁੰਦਾ ਹੈ ਤਾਂ ਸਕੀਮ ਅਧੀਨ ਸਰਕਾਰ ਵਲੋਂ 3 ਲੱਖ ਰੁਪਏ ਤੱਕ ਦੀ ਲੋਨ ਦੀ ਵਿਵਸਥਾ 5 ਪ੍ਰਤੀਸ਼ਤ ਵਿਆਜ਼ ਦਰ ਨਾਲ ਕੀਤੀ ਗਈ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਡੀ.ਸੀ ਦਫ਼ਤਰ ਦੀ ਤੀਜ਼ੀ ਮੰਜ਼ਿਲ ‘ਤੇ ਕਮਰਾ ਨੰ: 413 ਵਿਖੇ ਜਾਂ ਨਗਰ ਕੌਂਸਲ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਕੀਮ ਨਾਲ ਸਬੰਧਤ ਅਧਿਕਾਰੀ ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ ਅਤੇ ਸ਼ਿਵ ਚਰਨ ਮੌਜੂਦ ਸਨ।