ਫਿਰੋਜ਼ਪੁਰ:
ਪੰਜਾਬ ਪੁਲਿਸ ਲਗਾਤਾਰ ਨਸ਼ੇ ਖਿਲਾਫ਼ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਇਸ ਤਹਿਤ ਫਿਰੋਜ਼ਪੁਰ ਪੁਲਿਸ ਨੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਮੁਤਾਬਿਕ ਹੈਰੋਇਨ ਦਾ ਵਜ਼ਨ 8 ਕਿੱਲੋ ਹੈ ਅਤੇ ਇਸ ਦੀ ਕੌਮਾਂਤਰੀ ਕੀਮਤ ਤਕਰੀਬਨ 40 ਕਰੋੜ ਰੁਪਏ ਹੈ। ਪੁਲਿਸ ਨੇ ਦੱਸਿਆ ਕਿ ਇੱਕ ਨਸ਼ਾ ਤਸਕਰ ਵੀ ਕਾਬੂ ਕੀਤਾ ਹੈ ਜੋ ਕਿ ਸਰਹੱਦ ਤੋਂ ਨਸ਼ੇ ਦੀ ਕਨਸਾਈਨਮੈਂਟ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਇਸ ਨੂੰ ਅੰਮ੍ਰਿਤਸਰ ਹਾਈਵੇਅ ‘ਤੇ ਰਾਹ ‘ਚ ਨਾਕਾ ਲਗਾ ਕੇ ਕਾਬੂ ਕੀਤਾ ਹੈ।
ਐੱਸਐੱਸਪੀ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ‘ਪੁਲਿਸ ਨੂੰ ਇਨਪੁੱਟ ਮਿਲਿਆ ਸੀ ਕਿ ਵੱਡੀ ਮਾਤਰਾ ਵਿੱਚ ਨਸ਼ੇ ਦੀ ਖੇਪ ਸਰਹੱਦ ਪਾਰ ਤੋਂ ਆਈ ਹੈ ਅਤੇ ਉਸ ਨੂੰ ਲੈ ਕੇ ਜਾਣ ਵਾਸਤੇ ਨਸ਼ਾ ਤਸਕਰ ਸਰਗਰਮ ਹਨ, ਜਿਸ ‘ਤੇ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਵਿੱਚ ਕਈ ਜਗ੍ਹਾ ਨਾਕਾਬੰਦੀ ਕੀਤੀ ਗਈ ਸੀ ਅਤੇ ਮੱਲਾਂ ਵਾਲਾ ਖੇਤਰ ਵਿੱਚ ਨਾਕਾਬੰਦੀ ਦੌਰਾਨ ਪੁਲਿਸ ਨੂੰ ਇੱਕ ਕਾਰ ਆਉਂਦੀ ਦਿਖਾਈ ਦਿੱਤੀ। ਜਦ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਨਾਕਾ ਤੋੜਦੇ ਹੋਏ ਕਾਰ ਨੂੰ ਭਜਾ ਲਿਆ। ਜਦ ਪੁਲਿਸ ਨੇ ਪਿੱਛਾ ਕਰਕੇ ਕਾਰ ਚਾਲਕ ਨੂੰ ਰਾਊਂਡ-ਅੱਪ ਕੀਤਾ ਅਤੇ ਉਸ ਦੀ ਕਾਰ ਦੀ ਤਲਾਸ਼ੀ ਲਈ ਤਾਂ, ਉਸ ਦੀ ਕਾਰ ਵਿੱਚੋਂ ਅੱਠ ਕਿੱਲੋ ਹੈਰੋਇਨ ਬਰਾਮਦ ਹੋਈ। ਜੋਕਿ ਉਹ ਫਿਰੋਜ਼ਪੁਰ ਸਰਹਦੀ ਖੇਤਰ ਤੋਂ ਲੈ ਕੇ ਆਇਆ ਸੀ। ਮੁਲਜ਼ਮ ਦੀ ਪਛਾਣ ਆਕਾਸ਼ ਉਰਫ ਛੋਟੂ ਵੱਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।’
ਪੁਲਿਸ ਮੁਤਾਬਿਕ ‘ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਨਸ਼ਾ ਤਸਕਰ ਨਾਲ ਜੁੜੇ ਲੋਕਾਂ ਦੀ ਭਾਲ ਲਈ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਨਸ਼ਾ ਕਿਥੋਂ ਲੈਕੇ ਆਇਆ ਅਤੇ ਅੱਗੇ ਕਿਥੇ ਸਪਲਾਈ ਕਰਨਾ ਸੀ ਇਸ ਦੀ ਵੀ ਪੁੱਛ ਗਿੱਛ ਕੀਤੀ ਜਾਵੇਗੀ।’