ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਥਾਣਾ ਸਿਟੀ ਬਲਾਚੌਰ ਦੀ ਪੁਲਿਸ ਵਲੋਂ ਖੈਰ ਦੀ ਲੱਕੜ ਦੇ ਵਪਾਰ ‘ਚ’ ਦੋਸਤ ਵਲੋਂ ਹੀ ਦੋਸਤ ਨਾਲ 70 ਲੱਖ ਦੀ ਧੋਖਾਧੜੀ ਕਾਰਨ ਸਬੰਧੀ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਬਲਾਚੌਰ ਸਿਆਣਾ ਦੇ ਵਾਸੀ ਸੁਰੇਸ਼ ਕੁਮਾਰ ਪੁੱਤਰ ਭਜਨ ਲਾਲ ਵਲੋਂ ਥਾਣਾ ਸਿਟੀ ਬਲਾਚੌਰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਗਿਆ ਕਿ ਬੀਤੀ 2021 ਦੌਰਾਨ ਉਸ ਵਲੋਂ ਅਤੇ ਉਸ ਦੇ ਭਰਾ ਵਲੋਂ ਬਲਾਚੌਰ ਦੇ ਨਜ਼ਦੀਕ ਪਿੰਡ ਮਣਸੇਵਾਲ ਵਿਖੇ ਆਪਣੀ ਜਮੀਨ ਵੇਚੀ ਗਈ ਸੀ ਜਿਸ ਸਬੰਧੀ ਉਸ ਦਾ ਦੋਸਤ ਕਰਨ ਕੁਮਾਰ ਪੁੱਤਰ ਰਮਨ ਕੁਮਾਰ ਪਿੰਡ ਝਿੰਜੜੀ ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਜਿਲ੍ਹਾਂ ਰੂਪਨਗਰ ਨੂੰ ਚੰਗੀ ਤਰ੍ਹਾਂ ਜਾਣੂ ਸੀ। ਜਿਸ ਉਪਰੰਤ ਕਰਨ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਕਿ ਸਾਡੇ ਇਲਾਕੇ ‘ਚ ਖੈਰ ਦੀ ਲੱਕੜ ਦਾ ਬਹੁਤ ਵਪਾਰ ਚੱਲ ਰਿਹਾ ਹੈ ਅਤੇ ਉਸ ‘ਵਿੱਚੋਂ ਮੁਨਾਫਾ ਵੀ ਬਹੁਤ ਹੁੰਦਾ ਹੈ। ਜਿਸ ਦੇ ਕਹਿਣ ‘ਤੇ ਕਰਨ ਕੁਮਾਰ ਦੇ ਪਿਤਾ ਰਮਨ ਕੁਮਾਰ ਨੂੰ ਵੇਚੀ ਗਈ ਜਮੀਨ ਦੇ ਪੈਸਿਆਂ ਵਿੱਚੋਂ 48 ਲੱਖ 50 ਹਜ਼ਾਰ ਰੁਪਏ ਖੈਰ ਦੀ ਲੱਕੜ ਦੇ ਵਪਾਰ ਲਈ ਦਿੱਤੇ ਗਏ ਸਨ।
ਇਹ ਪੈਸੇ ਉਨ੍ਹਾਂ ਨੇ ਕਰਨ ਦੇ ਕਹਿਣੇ ਤੇ ਹੀ ਉਸ ਦੇ ਪਿਤਾ ਤੋਂ 3200 ਰੁਪਏ ਕੁਇੰਟਲ ਦੇ ਹਿਸਾਬ ਨਾਲ 40 ਗੱਡੀਆਂ ਦੇ 40 ਲੱਖ ਰੁਪਏ ਅਤੇ ਸਾਢੇ 8 ਲੱਖ ਰੁਪਏ ਬਾਕੀ ਪਿੰਡ ਦੇਣੋਵਾਲ, ਝਿੰਜੜੀ, ਪਹਾੜਪੁਰ ਅਤੇ ਨੰਗਲ ਤੋਂ ਰੂਪਨਗਰ ਵਾਲੇ ਸੌਦੇ ਕਰਨ ਸਬੰਧੀ ਦਿੱਤੇ ਸਨ। ਸਾਲ 2021 ਤੋਂ ਸਾਲ 2025 ਤੱਕ ਇਨ੍ਹਾਂ ਵਲੋਂ ਵੱਖ-ਵੱਖ ਪਿੰਡਾਂ ਵਿੱਚੋਂ ਲੱਕੜ ਕੱਟ ਕੇ ਕਰੋੜਾਂ ਰੁਪਇਆ ਦਾ ਮੁਨਾਫਾ ਕਮਾਇਆ ਗਿਆ।
ਮਾਰਕੀਟ ਰੇਟ ਦੇ ਹਿਸਾਬ ਨਾਲ ਖੈਰ ਦੀ ਲੱਕੜ ਦਾ ਰੇਟ 1100 1200 ਰੁਪਏ ਪ੍ਰਤੀ ਕੁਇੰਟਲ ਹੈ। ਜਿਸ ਦੇ ਹਿਸਾਬ ਨਾਲ ਪੂਰਾ ਖਰਚਾ ਕੱਢ ਕੇ ਇੱਕ ਗੱਡੀ ਮਗਰ 5 ਲੱਖ ਰੁਪਏ ਦਾ ਮੁਨਾਫਾ ਹੁੰਦਾ ਹੈ। ਜਿਸ ਹਿਸਾਬ ਨਾਲ 40 ਗੱਡੀਆਂ ਦਾ ਮੁਨਾਫਾ ਲਗਪਗ ਦੋ ਕਰੋੜ ਰੁਪਏ ਬਣਦਾ ਹੈ। ਜਦ ਕਿ ਉਨ੍ਹਾਂ ਵੱਲੋਂ ਮੈਨੂੰ ਸਿਰਫ 8 ਲੱਖ ਰੁਪਏ ਹੀ ਵਾਪਸ ਕੀਤੇ ਗਏ ਹਨ। ਜਦੋਂ ਵੀ ਪੈਸੇ ਮੰਗੇ ਜਾਂਦੇ ਸਨ ਤਾਂ ਬਹਾਨੇਬਾਜ਼ੀ ਕਰਕੇ ਟਾਲ ਮਟੋਲ ਕਰ ਦਿੱਤਾ ਜਾਂਦਾ ਸੀ। ਸਮਾਂ ਬੀਤਣ ਉਪਰੰਤ ਧਮਕੀਆਂ ਵੀ ਦਿੱਤੀਆਂ ਜਾਣ ਲੱਗੀਆਂ। ਲਗਾਤਾਰ
ਤਿੰਨ ਸਾਲ ਉਨ੍ਹਾਂ ਦੇ ਮਗਰ ਘੁੰਮਣ ਉਪਰੰਤ ਸਤੰਬਰ 2024 ਨੂੰ ਕੁੱਝ ਮੁਹਤਬਰ ਵਿਅਕਤੀਆਂ ਵਲੋਂ ਉਨ੍ਹਾਂ ਦਾ ਕਰਨ ਕੁਮਾਰ , ਰਮਨ ਕੁਮਾਰ ਅਤੇ ਪਰਮਜੀਤ ਸਿੰਘ ਬੱਡਲ ਨਾਲ ਸਮਝੌਤਾ ਵੀ ਕਰਵਾਇਆ ਗਿਆ ਜਿਸ ਦੇ ਤਹਿਤ 80 ਲੱਖ ਰੁਪਏ ਦਿੱਤੇ ਜਾਣੇ ਸਨ ਅਤੇ ਉਨ੍ਹਾਂ ਵੱਲੋਂ 40-40 ਲੱਖ ਰੁਪਏ ਦੇ ਦੋ ਚੈੱਕ ਦਿੱਤੇ ਗਏ ਅਤੇ ਲਿਖਤ ਕੀਤੀ ਗਈ ਕਿ ਜੇਕਰ ਸਮੇਂ ਸਿਰ ਪੈਸੇ ਨਾ ਦਿੱਤੇ ਗਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਦੌਰਾਨ ਉਨ੍ਹਾਂ ਵਲੋਂ 10 ਲੱਖ ਰੁਪਏ ਨਕਦ ਦਿੱਤੇ ਗਏ ਅਤੇ 70 ਲੱਖ ਰੁਪਏ ਦੇ ਚੈੱਕ ਫਿਰ ਤੋਂ ਦੇ ਦਿੱਤੇ ਗਏ। ਸਮਾਂ ਬੀਤਣ ਉਪਰੰਤ ਫਿਰ ਵੀ ਪੈਸੇ ਵਾਪਸ ਨਹੀਂ ਕੀਤੇ ਗਏ। ਉਪਰੰਤ ਇਸ ਮਸਲੇ ਦੀ ਜਾਂਚ ਐਸ.ਪੀ (ਪੀ.ਬੀ.ਆਈ) ਵੱਲੋਂ ਕੀਤੀ ਗਈ। ਜਾਂਚ ਕੇ ਦੋਰਾਨ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਪਿੰਡ ਬੱਡਲ ਦੇ ਰਹਿਣ ਵਾਲੇ ਪਰਮਜੀਤ ਸਿੰਘ ਦਾ ਨਾਂਅ ਵੀ ਸਾਹਮਣੇ ਆਇਆ। ਪੁਲਿਸ ਵਲੋਂ ਕਥਿਤ ਦੋਸ਼ੀਆਂ ਦੇ ਖਿਲਾਫ ਧਾਰਾ 318 (4) ਬੀ.ਐਨ.ਐਸ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।