Tuesday, April 1, 2025

ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਦਾ ਕੰਮ ਸ਼ੁਰੂ

ਜਿਵੇ ਹੀ ਸਕੂਲਾਂ ਦਾ ਸਾਲ ਦਾ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਤਾਂ ਪ੍ਰਾਈਵੇਟ ਸਕੂਲਾਂ ਵਾਲਿਆਂ ਦੀਆਂ ਵਾਛਾਂ ਹੀ ਚੌੜੀਆਂ ਹੋ ਜਾਂਦੀਆਂ ਨੇ . ਵਜ੍ਹਾ ? ਉਹ ਤਾਂ ਤੁਸੀਂ ਸਾਰੇ ਜਾਂਦੇ ਹੀ ਹੋ . ਸਾਲ ਦਾ ਨਵਾਂ ਸੈਸ਼ਨ ਸ਼ੁਰੂ ਹੁੰਦੇ ਹੀ ਸਕੂਲ ਵਾਲਿਆਂ ਦੀ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ ਤੇ ਮਾਪਿਆਂ ਦੀ ਟੇਂਸ਼ਨ ਵੱਧ ਜਾਂਦੀ ਹੈ . ਪ੍ਰਾਈਵੇਟ ਸਕੂਲਾਂ ਵੱਲੋਂ ਐਡਮਿਸ਼ਨ ਦੇ ਨਾਮ ਤੇ ਹਜ਼ਾਰਾਂ ਤੇ ਕਈ ਸਕੂਲਾਂ ਵਿਚ ਤਾਂ ਲੱਖਾਂ ਰੁਪਏ ਦਾ ਸ਼ਰੇਆਮ ਮਾਪਿਆਂ ਦੀ ਜੇਬ ਉੱਤੇ ਡਾਕਾ ਮਾਰਿਆ ਜਾਂਦਾ ਹੈ . ਚਾਹੇ ਉਹ ਬੱਚਾ ਸਕੂਲ ਵਿਚ ਨਵਾਂ ਆਯਾ ਹੋਵੇ ਆ ਫਿਰ ਉਹ ਸਕੂਲ ਦਾ ਪੁਰਾਣ ਹੀ ਵਿਦਿਆਰਥੀ ਹੋਵੇ, ਐਡਮਿਸ਼ਨ ਯਾ ਰੀ-ਐਡਮਿਸ਼ਨ ਦੇ ਨਾਮ ਤੇ ਮਾਪੇਆ ਨੂੰ ਸਲਿੱਪ ਦੇ ਦਿੱਤੀ ਜਾਂਦੀ ਹੈ ਕੇ ਫਲਾਣੇ ਫਲਾਣੇ ਖਰਚੇ ਪਾ ਕੇ ਇੰਨੇ ਪੈਸੇ ਬਣ ਗਏ ਨੇ, ਜਾਮਾ ਕਰਵਾ ਦਿਓ ਤੇ ਤੁਹਾਡੇ ਬਚੇ ਦੀ ਐਡਮਿਸ਼ਨ ਹੋ ਜਾਏਗੀ .
ਇਹੀ ਨਹੀਂ, ਗੱਲ ਸਿਰਫ ਐਡਮਿਸ਼ਨ ਯਾ ਰੀ-ਐਡਮਿਸ਼ਨ ਦੀ ਫੀਸ ਹੀ ਨਹੀਂ, ਬਲਕਿ ਹੋਰ ਵੀ ਕਈ ਤਰ੍ਹਾਂ ਦੇ ਖਰਚੇ ਵੀ ਫੀਸ ਵਿਚ ਜੋੜ੍ਹ ਦਿੱਤੇ ਜਾਂਦੇ ਨੇ . ਜਿਵੇਂ ਕੇ ਐਨੁਅਲ ਚਾਰਜਿਜ਼, ਬਿਲਡਿੰਗ ਫੀਸ, AC ਚਾਰਜਿਜ਼, ਸਟੇਸ਼ਨਰੀ ਚਾਰਜਿਜ਼ ਤੇ ਹੋਰ ਪਤਾ ਨਹੀਂ ਕਿਹੜੇ -ਕਿਹੜੇ ਚਾਰਜਿਜ਼ ਜੋੜ੍ਹ ਕੇ ਹਜ਼ਾਰਾਂ ਦਾ ਬਿੱਲ ਬਣਾ ਦਿੱਤਾ ਜਾਂਦਾ ਹੈ . 25 ਤੋਂ 50 ਹਾਜ਼ਰ ਜਾਂ ਉਸ ਤੋਂ ਵੀ ਵੱਧ ਦਾ ਟੋਟਲ ਬਣਾ ਕੇ ਫਿਰ 200 -400 ਡਿਸਕਾਊਂਟ ਕਰ ਕੇ ਮਾਪਿਆਂ ਉੱਤੇ ਅਹਿਸਾਨ ਜਤਾਇਆ ਜਾਂਦਾ ਹੈ . ਮਾਪੇ ਵੀ ਖੁਸ਼ ਹੋ ਜਾਂਦੇ ਨੇ ਕੇ ਚਲੋ ਸਾਨੂੰ ਕੁਛ ਤਾਂ ਰਿਆਇਤ ਮਿਲ ਗਈ . ਹਾਲਾਂਕਿ ਉੱਚ ਤਬਕੇ ਦੇ ਲੋਕਾਂ ਨੂੰ ਇਸ ਗੱਲ ਦਾ ਇੰਨਾ ਫਰਕ ਨਹੀਂ ਪੈਂਦਾ ਪਰ ਮੱਧਮ ਵਰਗ (ਮਿਡਲ ਕਲਾਸ) ਦੇ ਲੋਕਾਂ ਦਾ ਪੂਰੇ ਸਾਲ ਦਾ ਬੱਜਟ ਹਿੱਲ ਜਾਂਦਾ ਹੈ . ਕੁਛ ਨੌਕਰੀਪੇਸ਼ਾ ਲੋਕ ਆਪਣੇ ਦਫਤਰ ਤੋਂ ਅਡਵਾਂਸ ਲੈ ਕੇ ਪੂਰਾ ਸਾਲ ਆਪਣੀ ਤਨਖਾਹ ਵਿੱਚੋ ਪੈਸੇ ਕਟਵਾਂਦੇ ਰਹਿ ਜਾਂਦੇ ਹਨ . ਪਰ ਪ੍ਰਾਈਵੇਟ ਸਕੂਲਾਂ ਵਾਲੇ ਕੋਈ ਰਹਿਮ ਨਹੀਂ ਕਰਦੇ . ਜੇ ਓਹਨਾ ਨੂੰ ਇਸ ਲੁੱਟ ਖਸੁੱਟ ਬਾਰੇ ਪੁੱਛ ਲਵੋ ਤਾਂ ਅੱਗੋਂ ਆਕੜ ਕੇ ਕਹਿ ਦੇਣਗੇ – ਆਪਣਾ ਬੱਚਾ ਇਥੇ ਪੜ੍ਹਵਾਣਾ ਹੈ ਤਾਂ ਇਹ ਪੈਸੇ ਦੇਣੇ ਹੀ ਪੈਣਗੇ, ਜੇ ਨਹੀਂ ਦੇ ਸਕਦੇ ਤਾਂ ਕਿਤੇ ਹੋਰ ਚਲੇ ਜਾਓ . ਕੁਛ ਪ੍ਰਾਈਵੇਟ ਸਕੂਲਾਂ ਵਾਲੇ ਤਾਂ ਮਾਪੇਆ ਦੀ ਬੇਇੱਜ਼ਤੀ ਕਰਨ ਤੋਂ ਵੀ ਸ਼ਰਮ ਨਹੀਂ ਕਰਦੇ .
ਹੋਰ ਤਾਂ ਹੋਰ ਐਡਮਿਸ਼ਨ ਵੇਲੇ ਲੁੱਟ ਖਸੁੱਟ ਕਰਨ ਤੋਂ ਬਾਅਦ ਵੀ ਪ੍ਰਾਈਵੇਟ ਸਕੂਲਾਂ ਵਾਲਿਆਂ ਦਾ ਢਿਡ੍ਹ ਨਹੀਂ ਭਰਦਾ ਤਾਂ ਉਸ ਤੋਂ ਬਾਅਦ ਹੋਰ ਸ਼ਰਤਾਂ ਰੱਖ ਦੇਂਦੇ ਹਨ . ਪ੍ਰਾਈਵੇਟ ਸਕੂਲਾਂ ਵਾਲਿਆਂ ਵੱਲੋਂ ਬੱਚਿਆਂ ਨੂੰ ਉਹ ਕਿਤਾਬਾਂ ਲਗਾਈਆਂ ਜਾਂਦੀਆਂ ਹਨ ਜੋ ਮਾਰਕੀਟ ਵਿਚ ਕਿਸੇ ਦੁਕਾਨ ਤੋਂ ਨਹੀਂ ਮਿਲਦੀਆਂ, ਸਿਰਫ ਇਕ ਦੁਕਾਨ ਨੂੰ ਛੱਡ ਕੇ, ਜੀਹਦੇ ਨਾਲ ਓਹਨਾ ਦੀ ਕਮਿਸ਼ਨ ਦੀ ਸੈਟਿੰਗ ਹੁੰਦੀ ਹੈ . ਉਹ ਦੁਕਾਨਦਾਰ ਵੀ ਬੱਚਿਆਂ ਨੂੰ ਕਿਤਨਾ MRP ਤੇ ਦੇਂਦੇ ਹਨ ਜਦਕਿ ਆਮ ਕਿਤਾਬਾਂ ਉੱਤੇ ਕੁਛ ਪ੍ਰਤੀਸ਼ਤ ਡਿਸਕਾਊਂਟ ਮਿਲ ਜਾਂਦਾ ਹੈ . ਕਈ ਵਾਰ ਤਾਂ ਕੁਛ ਦੁਕਾਨਦਾਰ ਆਪਣਾ ਨਾਮ ਨਾ ਉਜਾਗਰ ਕਰਨ ਦੀ ਸ਼ਰਤ ਤੇ ਦੱਸ ਵੀ ਦੇਂਦੇ ਹਨ ਕੇ ਇਸ ਕਮਾਈ ਵਿਚ ਸਕੂਲ ਦੀ ਕਮਿਸ਼ਨ ਵੀ ਜੁੜੀ ਹੈ ਜੋ ਓਹਨਾ ਨੂੰ ਦੇਣੀ ਪੈਂਦੀ ਹੈ . ਵੱਧ ਤੋਂ ਵੱਧ ਕਮਿਸ਼ਨ ਦੇ ਚੱਕਰ ਵਿਚ ਪ੍ਰਾਈਵੇਟ ਮਹਿੰਗੀਆਂ ਕਿਤਾਬਾਂ ਚੁਣ ਲੈਂਦੇ ਹਨ ਜੋ ਕੇ ਮਾਪੇਆ ਨੂੰ ਖ੍ਰੀਦਣੀਆਂ ਹੀ ਪੈਂਦੀਆਂ ਨੇ . ਅੱਜ ਜੇ ਇਕ ਨਰਸਰੀ ਕਲਾਸ ਦੇ ਬਚੇ ਦੀਆ ਕਿਤਾਬਾਂ ਵੀ ਦੇਖੀਏ ਤਾਂ ਉਹ 3000 ਰੁਪਏ ਤੋਂ ਘੱਟ ਨਹੀਂ ਮਿਲਦੀਆਂ . 10 -20 ਪੰਨਿਆਂ ਵਾਲੀ ਕਿਤਾਬ ਦਾ ਮੁੱਲ ਹੀ 200-300 ਰੁਪਏ ਹੁੰਦਾ ਹੈ . ਫਿਰ ਨਰਸਰੀ ਦੇ ਬਚੇ ਨੂੰ ਵੀ 8-10 ਕਿਤਾਬਾਂ ਲਗਾ ਦਿੱਤੀਆਂ ਜਾਂਦੀਆਂ ਹਨ . ਕੋਈ ਡਰਾਇੰਗ ਹੈ, ਕੋਈ ਐਕਟੀਵਿਟੀ ਬੁਕ ਹੈ ਕੋਈ ਕੁਛ ਤੇ ਕੋਈ ਕੁਛ . ਮਤਲਬ ਕੇ 2000-3000 ਦਾ ਨਰਸਰੀ ਕਲਾਸ ਦੇ ਬੱਚਿਆਂ ਦੀਆਂ ਕਿਤਾਬਾਂ ਦਾ ਸੈੱਟ ਬਣਾ ਕੇ ਤਿਆਰ ਕੀਤਾ ਹੁੰਦਾ ਹੈ . ਸਰਕਾਰ ਨੂੰ ਦਿਖਾਵੇ ਲਈ ਮਾਪੇਆ ਨੂੰ ਕਹਿ ਦਿੱਤਾ ਜਾਂਦਾ ਹੈ ਕੇ ਤੁਸੀਂ ਇਹ ਕਿਤਾਬਾਂ ਕਿਤੋਂ ਵੀ ਖਰੀਦ ਸਕਦੇ ਹੋ, ਪਰ ਮਿਲਦੀਆਂ ਕਿਸੇ ਵੀ ਦੁਕਾਨ ਤੋਂ ਨਹੀਂ . ਹਰ ਕੇ ਮਾਪਿਆਂ ਨੂੰ ਓਹੀ 1 ਫਿਕਸ ਦੁਕਾਨ ਤੇ ਜਾਣਾ ਪੈਂਦਾ ਹੈ ਜਿਥੋਂ MRP ਮੁੱਲ ਤੇ ਕਿਤਾਬਾਂ ਦਾ ਸੈੱਟ ਖਰੀਦਣਾ ਪੈਂਦਾ ਹੈ . ਕਿਤਾਬਾਂ ਤਾਂ ਛੱਡੋ, ਨਾਲ ਹੀ ਨੋਟ ਬੁਕਸ, ਪੇਂਸਿਲਸ, ਬੁਕ ਤੇ ਨੋਟ ਬੁਕ ਕਵਰ, ਸਕੂਲ ਬੈਗ, ਲੰਚ ਬਾਕਸ ਵੀ ਸਕੂਲ ਵੱਲੋ ਫਿਕਸ ਕੀਤਾ ਹੋਇਆ ਖਰੀਦਣਾ ਪੈਂਦਾ ਹੈ . ਜੋ ਮਾਰਕੀਟ ਰਾਤੇ ਨਾਲੋਂ ਕਿਤੇ ਵੱਧ ਮਹਿੰਗੇ ਦਿੱਤੇ ਜਾਂਦੇ ਹਨ . ਜੇ ਕੋਈ ਮਾਪੇ ਇਹ ਸਬ ਲੈਣ ਤੋਂ ਨਾਂਹ ਕਰ ਦੇਂਦੇ ਹਨ ਤਾਂ ਬੱਚਿਆਂ ਨੂੰ ਜ਼ੁਰਮਾਨਾ ਲੱਗ ਜਾਂਦਾ ਹੈ . ਹਰ ਕੇ ਮਾਪੇਆ ਨੂੰ ਪਹਿਲਾ ਨਹੀਂ ਤਾਂ ਬਾਅਦ ਵਿਚ ਇਹ ਸਬ ਲੈ ਕੇ ਦੇਣਾ ਹੀ ਪੈਂਦਾ ਹੈ .


ਐਡਮਿਸ਼ਨ ਤੇ ਕਿਤਾਬਾਂ ਤੋਂ ਬਾਅਦ ਗੱਲ ਆ ਜਾਂਦੀ ਹੈ ਵਰਦੀ ਯਾਨੀ ਕੇ ਯੂਨੀਫਾਰਮ ਦੀ . ਇਥੇ ਵੀ ਹਨ ਦੀ ਲੁੱਟ ਖਸੁੱਟ ਅਸਮਾਨ ਤੇ ਚੜ੍ਹੀ ਰਹਿੰਦੀ ਹੈ . ਪ੍ਰਾਈਵੇਟ ਸਕੂਲਾਂ ਵੱਲੋਂ ਦਿਨ ਫਿਕਸ ਕੀਤੇ ਜਾਂਦੇ ਹਨ ਕੇ ਇਸ ਦਿਨ ਇਹ ਯੂਨੀਫਾਰਮ ਪਹਿਨ ਕੇ ਆਣਾ ਹੈ, ਇਸ ਦਿਨ ਇਹ ਵਾਲੀ . ਟਾਈ, ਜ਼ੁਰਾਬਾਂ, ਸਕਾਰਫ, ਬੈਲਟ ਵਗੈਰਾਹ ਸਬ ਸਕੂਲ ਵੱਲੋ ਫਿਕਸ ਹੁੰਦੇ ਹਨ ਤੇ ਇਹ ਕੰਪਲੀਟ ਯੂਨੀਫਾਰਮ ਬੱਚੇ ਲਈ ਜਰੂਰੀ ਹੁੰਦੀ ਹੈ . ਇਕ ਵੀ ਚੀਜ਼ ਨਾ ਹੋਣ ਤੇ ਫਿਰ ਤੋਂ ਬੱਚੇ ਨੂੰ ਜ਼ੁਰਮਾਨਾ . ਇਥੇ ਵੀ ਗੋਲਮਾਲ ਹੁੰਦਾ ਹੈ ਕੇ ਯੂਨੀਫਾਰਮ ਵੀ ਤੁਹਾਨੂੰ ਮਹਿੰਗੇ ਰੇਟ ਤੇ ਹੀ ਮਿਲਦੀ ਹੈ . ਗਰਮੀਆਂ ਲਈ ਅਲੱਗ ਯੂਨੀਫਾਰਮ, ਤੇ ਸਰਦੀਆਂ ਲਈ ਅਲੱਗ ਯੂਨੀਫਾਰਮ .
ਕਹਿਣ ਦਾ ਮਤਲਬ ਕਿ ਨਵੀ ਐਡਮਿਸ਼ਨ ਸ਼ੁਰੂ ਹੁੰਦੇ ਹੀ ਪ੍ਰਾਈਵੇਟ ਸਕੂਲਾਂ ਵਾਲੀ ਦੇ ਬੈਂਕ ਅਕਾਊਂਟ ਭਰ ਜਾਂਦੇ ਨੇ ਤੇ ਮਾਪਿਆਂ ਦੀਆ ਜੇਬਾਂ ਖਾਲੀ ਹੋ ਜਾਂਦੀਆਂ ਨੇ . ਕੁਛ ਮਾਪੇ ਵਿਆਜੀ ਪੈਸੇ ਚੁੱਕ ਕੇ, ਕੁਛ ਕਮੇਟੀ ਚੁੱਕ ਕੇ, ਤਾਂ ਕੁਛ ਦਫਤਰਾਂ ਤੋਂ ਅਡਵਾਂਸ ਲੈ ਕੇ ਬੱਚੇ ਦੀ ਐਡਮਿਸ਼ਨ ਕਰਵਾਣ ਲਈ ਮਜਬੂਰ ਹੋ ਜਾਂਦੇ ਨੇ ਪਰ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਰਤਾ ਭਰ ਤਰਸ ਨਹੀਂ ਆਂਦਾ ਤੇ ਮੂੰਹ ਖੋਲ ਕੇ ਕਹਿਣਗੇ ਕੇ ਬੱਚੇ ਦੀ ਐਡਮਿਸ਼ਨ ਕਰਵਾਨੀ ਹੈ ਤਾਂ ਕਰਵਾਓ ਨਹੀਂ ਤਾਂ ਸਰਕਾਰੀ ਸਕੂਲ ਚਲੇ ਜਾਓ .
ਪ੍ਰਾਈਵੇਟ ਸਕੂਲਾਂ ਵਾਲੀ ਨੇ ਵੀ ਮਾਪੇਆ ਦੀ ਨਬਜ਼ ਫੜੀ ਹੋਈ ਹੈ, ਉਹ ਵੀ ਜਾਣਦੇ ਨੇ ਕੇ ਮਾਪੇ ਜਿੱਦਾਂ ਮਰਜੀ ਔਖੇ ਹੋ ਕੇ ਆਪਣਾ ਵਿਖਾਵਾ ਕਰਨ ਲਈ ਕੇ ਅਸੀ ਆਪਣੇ ਬੱਚੇ ਨੂੰ ਵੱਡੇ ਤੇ ਮਹਿੰਗੇ ਸਕੂਲ ਦਾਖ਼ਲ ਕਰਵਾਇਆ ਹੈ, ਆਪਣਾ ਝੁੱਗਾ ਚੌੜ ਕਰਵਾ ਲੈਣਗੇ . ਬਾਅਦ ਵਿਚ ਚਾਹੇ ਫੀਸ ਦੇਣੀ ਵੀ ਔਖੀ ਲੱਗੇ, ਘਰ ਦੇ ਖਰਚੇ ਰੁਕ ਜਾਣ, ਘਰ ਦੀਆ ਹੋਰ ਜਰੂਰਤਾਂ ਪੂਰੀਆਂ ਹੋਣ ਨਾ ਹੋਣ . ਅਜਿਹੇ ਵਿਚ ਜਰੂਰਤ ਹੈ ਸਿਆਣੇ ਬਣਨ ਦੀ
ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਖਤਮ ਕਰਨ ਲਈ ਮਾਪਿਆਂ ਨੂੰ ਚਾਹੀਦਾ ਹੈ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਭੇਜਣ . ਸਰਕਾਰੀ ਸਕੂਲਾਂ ਵਿਚ ਅਧਿਆਪਕ ਵੱਡੀ ਵੱਡੀ ਡਿਗਰੀ ਹੋਲ੍ਡਰ ਹੁੰਦੇ ਨੇ, ਓਹਨਾ ਨੂੰ ਪੜ੍ਹਾਈ ਦਾ ਅਨੁਭਵ ਵੀ ਬਹੁਤ ਹੁੰਦਾ ਹੈ . ਹੁਣ ਤਾਂ ਸਰਕਾਰੀ ਸਕੂਲ ਵੀ ਪਹਿਲਾਂ ਵਰਗੇ ਨਹੀਂ ਰਹੇ . ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਇੰਗਲਿਸ਼ ਮੀਡੀਅਮ ਵਿਚ ਵੀ ਪੜ੍ਹਾਈ ਹੁੰਦੀ ਹੈ . ਕਈ ਤਰ੍ਹਾਂ ਦੇ ਪੜ੍ਹਾਈ ਤੇ ਖੇਡਾਂ ਦੇ ਮੁਕਾਬਲੇ ਵੀ ਹੁੰਦੇ ਨੇ . ਸਰਕਾਰੀ ਸਕੂਲਾਂ ਦੇ ਵਿਦਿਆਰਥੀ ਰਾਜ ਪੱਧਰੀ, ਨੈਸ਼ਨਲ ਪੱਧਰ ਦੇ ਤੇ ਅੰਤਰ ਰਾਸ਼ਟਰੀ ਪੱਧਰ ਤੇ ਵੀ ਮੁਕਾਬਲਾ ਵਿਚ ਹਿੱਸਾ ਲੈ ਰਹੇ ਨੇ . ਲਗਾਤਾਰ ਪਿਛਲੇ ਕੁਛ ਸਾਲਾਂ ਤੋਂ ਦੇਖਣ ਵਿਚ ਆ ਰਿਹਾ ਹੈ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੜ੍ਹਾਈ ਤੇ ਖੇਡਾਂ ਤੇ ਹੋਰ ਖੇਤਰਾਂ ਵਿਚ ਚੰਗੀਆਂ ਮੱਲਾਂ ਮਾਰ ਰਹੇ ਨੇ . ਸਰਕਾਰੀ ਸਕੂਲਾਂ ਵਿਚ ਫ੍ਰੀ ਐਡਮਿਸ਼ਨ ਹੁੰਦੀ ਹੈ, ਕੋਈ ਫੀਸ ਨਹੀਂ ਲਈ ਜਾਂਦੀ, ਇਥੋਂ ਤਕ ਕੇ ਯੂਨੀਫਾਰਮ ਵੀ ਫ੍ਰੀ ਮਿਲਦੀ ਹੈ, ਕਿਤਾਬਾਂ ਵੀ ਫ੍ਰੀ ਮਿਲਦੀਆਂ ਹਨ.. ਹੋਰ ਕੀ ਚਾਹੀਦਾ ਹੈ ? ਪੜ੍ਹਾਈ ਬਹੁਤ ਵਧੀਆ ਤਰੀਕੇ ਤੇ ਆਧੁਨਿਕ ਤਰੀਕਿਆਂ ਨਾਲ ਕਾਰਵਾਈ ਜਾਂਦੀ ਹੈ . ਅਧਿਆਪਕ ਤੇ ਮੁਖ ਅਧਿਆਪਕ ਖੁਦ ਬੱਚਿਆਂ ਦੀ ਪੜ੍ਹਾਈ ਦਾ ਮੁਲਾਂਕਣ ਕਰਦੇ ਰਹਿੰਦੇ ਹਨ . ਕਮਜ਼ੋਰ ਬੱਚਿਆਂ ਵੱਲ ਅਲੱਗ ਤੋਂ ਵਧੇਰੇ ਧਿਆਨ ਦਿੱਤਾ ਜਾਂਦਾ ਹੈ . ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਦੇ ਹਨ . ਹੁਣ ਤਾਂ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵਿਦੇਸ਼ ਵਿੱਚ ਵੀ ਨਵੀਆਂ ਤਕਨੀਕ ਦੇਖਣ ਲਈ ਭੇਜਦੀ ਹੈ . ਕੀ ਪ੍ਰਾਈਵੇਟ ਸਕੂਲਾਂ ਵਾਲੇ ਇੰਝ ਕਰਦੇ ਨੇ ? ਨਹੀਂ ਨਾ ? ਫਿਰ ਕਿਉ ਅਸੀ ਆਪਣਾ ਸਿਰ ਮੁੰਨ ਕੇ ਤਮਾਸ਼ਾ ਦੇਖਦੇ ਆ ਤੇ ਦਿਖਾਂਦੇ ਆ ?
ਇਸ ਵਾਰ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਣ ਤੋਂ ਪਹਿਲਾ ਇਕ ਵਾਰਜਰੂਰ ਸਰਕਾਰੀ ਸਕੂਲਾਂ ਦਾ ਚੱਕਰ ਮਾਰ ਕੇ ਆਈਓ . ਓਥੋਂ ਪੁਛੋ ਕੇ ਉਸ ਸਕੂਲ ਦੇ ਬੱਚਿਆਂ ਨੇ ਕੀ ਕੀ ਮੱਲਾਂ ਮਾਰੀਆਂ ਨੇ, ਓਥੋਂ ਦੇ ਅਧਿਆਪਕਾਂ ਦੀਆ ਕਿ ਡਿਗਰੀਆਂ ਨੇ, ਕੀ ਖਰਚੇ ਦੇਣੇ ਪੈਣਗੇ, ਕੀ ਸਹੂਲਤਾਂ ਮਿਲਣਗੀਆਂ . ਫਿਰ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਵੀ ਹੀ ਸਬ ਕੁਛ ਪੁੱਛ ਲੈਣਾ . ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕੇ ਤੁਹਾਡੇ ਬੱਚੇ ਲਈ ਪ੍ਰਾਈਵੇਟ ਸਕੂਲ ਸਹੀ ਰਹੇਗਾ ਆ ਸਰਕਾਰੀ . ਆਖਰੀ ਫੈਸਲਾ ਤੁਸੀਂ ਹੀ ਲੈਣਾ ਹੈ . ਪਰ ਇਕ ਗੱਲ ਦਾ ਯਾਦ ਰੱਖਣਾ ਕੇ ਫੋਕੇ ਵਿਖਾਵੇ ਲਈ ਆਪਣਾ ਸਿਰ ਨਾ ਮੁੰਨ ਲੈਣਾ, ਆਪਣੇ ਬੱਚੇ ਦਾ ਭਵਿੱਖ ਦੇਖੋ, ਉਸਦੀ ਪੜ੍ਹਾਈ ਦੇਖੋ . ਬਾਕੀ ਤੁਸੀਂ ਆਪ ਸਿਆਣੇ ਹੋ .
ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਰੋਕਣੀ ਤੁਹਾਡੇ ਆਪਣੇ ਹੀ ਹੱਥ ਹੈ . ਜੇ ਕੋਈ ਪ੍ਰਾਈਵੇਟ ਸਕੂਲਾਂ ਵੱਲ ਮੂੰਹ ਨਹੀਂ ਕਰੇਗਾ ਤਾਂ ਉਹ ਖੁਦ ਹੀ ਲਾਈਨ ਤੇ ਆ ਜਾਣਗੇ . ਵਿਦਿਆ ਵਿਚਾਰੀ ਤਾਂ ਪਰਉਪਕਾਰੀ ਨੂੰ ਇਹਨਾਂ ਲਾਲਚੀ ਲੋਕਾਂ ਨੇ ਧੰਦਾ ਬਣਾ ਕੇ ਰੱਖ ਲਿਆ ਹੈ . ਇਹਨਾਂ ਨੂੰ ਪੜ੍ਹਾਈ ਨਾਲੋਂ ਜ਼ਿਆਦਾ ਆਪਣੇ ਬੈਂਕ ਬੈਲੰਸ ਵਧਣ ਨਾਲ ਮਤਲਬ ਹੈ . ਸੋ ਹੁਣ ਜੋ ਵੀ ਫੈਸਲਾ ਲਵੋ ਤਾਂ ਸੋਚ ਸਮਝ ਕੇ ਲਵੋ, ਤੇ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਣ ਤੋਂ ਪਹਿਲਾ ਹੁਣ ਦੇ ਸਰਕਾਰੀ ਸਕੂਲਾਂ ਵਿੱਚ ਗੇੜੀ ਜਰੂਰ ਮਾਰ ਕੇ ਆਈਓ ….

Related Articles

LEAVE A REPLY

Please enter your comment!
Please enter your name here

Latest Articles