ਨਵਾਂਸ਼ਹਿਰ /ਕਾਠਗੜ੍ਹ, (ਜਤਿੰਦਰ ਪਾਲ ਸਿੰਘ ਕਲੇਰ)
ਬਲਾਕ ਬਲਾਚੌਰ -1 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਸੁੱਧਾ ਮਾਜਰਾ ਦੇ ਤਿੰਨ ਬੱਚੇ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੇ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਹੈਡ ਟੀਚਰ ਸ੍ਰੀਮਤੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਪੜ੍ਹਦੀ ਬੱਚਿਆਂ ਵਿੱਚ ਧੰਨਵੀਰ ਕਲੇਰ ਪੁੱਤਰ ਰਾਜਕੁਮਾਰ, ਸਿਮਰਨ ਕੌਰ ਪੁੱਤਰੀ ਅਵਤਾਰ ਸਿੰਘ ਤੇ ਹਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਦੀ ਸਿਲੈਕਸ਼ਨ ਜਵਾਹਰ ਨਵੋਦਿਆ ਵਿਦਿਆਲਿਆ ਲਈ ਹੋਈ ਹੈ। ਉਹਨਾਂ ਦੱਸਿਆ ਕਿ ਸਕੂਲ ਵਿੱਚ ਉਹਨਾਂ ਕੋਲ 91 ਬੱਚੇ ਪੜ੍ਹਦੇ ਹਨ ਅਤੇ ਸਿੰਗਲ ਟੀਚਰ ਹੋਣ ਦੇ ਬਾਵਜੂਦ ਵੀ ਤਿੰਨ ਬੱਚਿਆਂ ਦੀ ਸਿਲੈਕਸ਼ਨ ਨਵੋਦਿਆ ਵਿਦਿਆਲਿਆ ਲਈ ਹੋਣੀ ਇੱਕ ਵੱਡੀ ਪ੍ਰਾਪਤੀ ਹੈ ਜਿਸ ਦਾ ਸਿਹਰਾ ਪਿੰਡ ਦੇ ਸਹਿਯੋਗੀ ਪਤਵੰਤਿਆਂ ਤੇ ਬੱਚਿਆਂ ਦੇ ਮਾਪਿਆਂ ਨੂੰ ਜਾਂਦਾ ਹੈ । ਇਸ ਤੋਂ ਇਲਾਵਾ ਸਕੂਲ ਹੁੱਕੜਾਂ ਬਰਦਰਜ਼ ਦੀ ਟੀਮ ਅਤੇ ਮਾ. ਚਰਨਜੀਤ ਸਿੰਘ, ਮਾ. ਨਰਿੰਦਰ ਕੁਮਾਰ ਤੇ ਮਾ. ਹਰਜੀਤ ਸਿੰਘ ਸਹੋਤਾ ਦਾ ਧੰਨਵਾਦੀ ਹੈ ਜਿਨਾਂ ਦੇ ਸਹਿਯੋਗ ਨਾਲ ਬੱਚੇ ਇਸ ਸਫਲਤਾ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ। ਨਵੋਦਿਆ ਵਿਦਿਆਲਿਆ ਲਈ ਚੁਣੇ ਗਏ ਇਹਨਾਂ ਬੱਚਿਆਂ ਨੂੰ ਅੱਜ ਵਿਸ਼ੇਸ਼ ਤੌਰ ‘ਤੇ ਸਮਾਜ ਸੇਵੀ ਐਨਆਰਆਈ ਸਵਰਨ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਜਦਕਿ ਬੱਚਿਆਂ ਦੀ ਹੌਸਲਾ ਅਫਜਾਈ ਮੈਡਮ ਪ੍ਰਿਅੰਕਾ ਸ਼ਰਮਾ ਵੱਲੋਂ ਕੀਤੀ ਗਈ। ਇਸ ਮੌਕੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਡੀ ਈ ਓ ਸੁਰਿੰਦਰ ਸਿੰਘ, ਰੋਪੜ ਦੇ ਸੇਵਾ ਮੁਕਤ ਡੀਈਓ ਰਮਨ ਕੁਮਾਰ, ਕੰਪਿਊਟਰ ਫੈਕਲਟੀ ਫਤਿਹਗੜ੍ਹ ਸਾਹਿਬ ਅਮਨਦੀਪ ਸਿੰਘ ਤੋਂ ਇਲਾਵਾ ਆਸ਼ਾ ਰਾਣੀ, ਰੀਟਾ, ਜਸਵਿੰਦਰ ਕੌਰ, ਸੁਖਵਿੰਦਰ ਕੌਰ ਤੇ ਸੰਦੀਪ ਕੌਰ ਮੁੱਖ ਰੂਪ ਵਿੱਚ ਹਾਜ਼ਰ ਸਨ।