ਪਿੰਡ ਗੁੱਲਪੁਰ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ


– ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰੱਖਣਾ ਸਰਕਾਰ ਦੀ ਮੁੱਖ ਤਰਜੀਹ : ਸੰਤੋਸ਼ ਕਟਾਰੀਆ

ਬਲਾਚੌਰ, 23 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )- ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹਲਕਾ ਬਲਾਚੌਰ ਦੇ ਪਿੰਡ ਗੁਲਪੁਰ ਵਿਖੇ ਕਾਰਗਿਲ ਸ਼ਹੀਦ ਬਲਜਿੰਦਰ ਸਿੰਘ ਛੋਕਰ ਸਟੇਡੀਅਮ ਵਿਖੇ ਬਣਨ ਵਾਲੇ ਖੇਡ ਮੈਦਾਨ ਦੀ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਵੱਲੋਂ ਰੱਖਿਆ ਗਿਆ। ਇਸ ਮੌਕੇ ਸਮੂਹ ਨਗਰ ਪੰਚਾਇਤ, ਪਿੰਡ ਦੇ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਪਿੰਡ ਪੱਧਰ ’ਤੇ ਖੇਡ ਸਹੂਲਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਵਿੱਚ 35 ਖੇਡ ਸਟੇਡੀਅਮ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚੋਂ ਕਈ ਖੇਡ ਮੈਦਾਨ ਤਿਆਰ ਹੋ ਚੁੱਕੇ ਹਨ ਅਤੇ ਬਾਕੀ ਥਾਵਾਂ ’ਤੇ ਵੀ ਕੰਮ ਲਗਾਤਾਰ ਅੱਗੇ ਵਧ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਗੁੱਲਪੁਰ ਦੇ ਕਾਰਗਿਲ ਸ਼ਹੀਦ ਬਲਜਿੰਦਰ ਸਿੰਘ ਛੋਕਰ ਸਟੇਡੀਅਮ ਵਿਖੇ ਬਣਨ ਵਾਲੇ ਇਸ ਖੇਡ ਮੈਦਾਨ ’ਤੇ ਕਰੀਬ 30 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਦਾ ਨਿਰਮਾਣ ਕਾਰਜ ਗੁਣਵੱਤਾ ਨਾਲ ਕਰਵਾਉਂਦੇ ਹੋਏ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇਗਾ, ਤਾਂ ਜੋ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਲਈ ਵਧੀਆ ਸਹੂਲਤ ਮਿਲ ਸਕੇ।

ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਖੇਡ ਮੈਦਾਨ ਸਿਰਫ਼ ਖੇਡਾਂ ਲਈ ਜਗ੍ਹਾ ਨਹੀਂ ਹੁੰਦੇ, ਸਗੋਂ ਇਹ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨਾਲ ਜੋੜਨ ਦਾ ਸਾਧਨ ਵੀ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਵੀ ਲਗਾਤਾਰ ਜਾਰੀ ਰਹੇਗਾ।

ਇਸ ਮੌਕੇ ਵਿਧਾਇਕਾ ਵੱਲੋਂ ਕਾਰਗਿਲ ਸ਼ਹੀਦ ਬਲਜਿੰਦਰ ਸਿੰਘ ਛੋਕਰ ਦੇ ਪਿਤਾ ਕੈਪਟਨ ਅਮਰਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਸ਼ਹੀਦ ਪਰਿਵਾਰ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਦੀ ਯਾਦ ਨੂੰ ਸਨਮਾਨ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਮੈਦਾਨ ਤਿਆਰ ਕਰਨ ਨਾਲ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਸਥਾਨਕ ਪੱਧਰ ’ਤੇ ਹੀ ਵਧੀਆ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਗੁਲਪੁਰ ਵਿੱਚ ਬਣਨ ਵਾਲਾ ਇਹ ਖੇਡ ਮੈਦਾਨ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਲੰਬੇ ਸਮੇਂ ਤੱਕ ਲਾਭਦਾਇਕ ਰਹੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਨਾਲ ਨੌਜਵਾਨਾਂ ਲਈ ਖੇਡ ਸਹੂਲਤਾਂ ਵਧਾਉਣਾ ਵੀ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ।

ਪਿੰਡ ਵਾਸੀਆਂ ਨੇ ਕੀਤਾ ਧੰਨਵਾਦ

ਇਸ ਮੌਕੇ ਪਿੰਡ ਵਾਸੀਆਂ ਨੇ ਖੇਡ ਮੈਦਾਨ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਖੇਡ ਮੈਦਾਨ ਬਣਨ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਪਿੰਡ ਵਿੱਚ ਹੀ ਖੇਡਣ ਅਤੇ ਅਭਿਆਸ ਕਰਨ ਲਈ ਵਧੀਆ ਮਾਹੌਲ ਮਿਲੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਮੈਦਾਨ ਦੇ ਤਿਆਰ ਹੋਣ ਨਾਲ ਪਿੰਡ ਦੇ ਨੌਜਵਾਨ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣਗੇ।

ਇਸ ਮੌਕੇ ਸਰਪੰਚ ਕਸ਼ਮੀਰ ਸਿੰਘ, ਸਾਬਕਾ ਸਰਪੰਚ ਕੈਪਟਨ ਅਮਰਜੀਤ ਸਿੰਘ, ਮਾਸਟਰ ਮੋਹਨ ਸਿੰਘ, ਝਲਮਨ ਸਿੰਘ, ਗੁਰਦੀਪ ਸਿੰਘ ਪੰਚ, ਜਸਵਿੰਦਰ ਕੌਰ ਪੰਚ, ਮਹਿੰਦਰ ਕੌਰ ਪੰਚ, ਪਰਮਜੀਤ ਕੌਰ ਪੰਚ, ਹਰਚਰਨ ਸਿੰਘ ਚੰਨੀ, ਸੱਜਣ ਸਿੰਘ, ਜਗਰੂਪ ਸਿੰਘ, ਬਲਦੇਵ ਸਿੰਘ, ਰੇਸ਼ਮ ਸਿੰਘ, ਦਲਬੀਰ ਸਿੰਘ, ਕਸ਼ਮੀਰ ਸਿੰਘ ਸੂਬੇਦਾਰ, ਕਰਨੈਲ ਸਿੰਘ ਛੋਕਰ, ਮੱਖਣ ਸਿੰਘ ਭਾਲੜੂ, ਅਮਰਜੀਤ ਕੌਰ, ਜਸਬੀਰ ਕੌਰ, ਅਵਤਾਰ ਕੌਰ, ਸੁਰਜੀਤ ਸਿੰਘ , ਰਾਜਵੀਰ ਸਿੰਘ, ਬਲਜਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।


Leave a Reply

Your email address will not be published. Required fields are marked *