ਸੀ.ਡੀ ਰੇਸ਼ੋ ਵਧਾਉਣ ਅਤੇ ਲੋੜਵੰਦਾਂ ਨੂੰ ਵੱਧ ਤੋਂ ਵੱਧ ਕਰਜ਼ੇ ਦੇਣ ਦੀ ਕੀਤੀ ਹਦਾਇਤ
ਨਵਾਂਸ਼ਹਿਰ, (ਜਤਿੰਦਰ ਪਾਲ ਸਿੰਘ ਕਲੇਰ)
ਜ਼ਿਲ੍ਹੇ ਦੀਆਂ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਹੋਈ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਜ਼ਿਲ੍ਹੇ ਦੀਆਂ ਸਾਰੀਆਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ। ਉਨਾਂ ਬੈਂਕਾਂ ਨੂੰ ਸੀ.ਡੀ ਰੇਸ਼ੋ ਵਧਾਉਣ ਵੱਲ ਧਿਆਨ ਦੇਣ ਦੀ ਹਦਾਇਤ ਕੀਤੀ, ਤਾਂ ਜੋ ਵੱਧ ਤੋਂ ਵੱਧ ਲੋਕ, ਖਾਸ ਤੌਰ ‘ਤੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਅਤੇ ਕਮਜ਼ੋਰ ਵਰਗਾਂ ਦੇ ਲੋਕ ਕਰਜ਼ੇ ਪ੍ਰਾਪਤ ਕਰਕੇ ਆਰਥਿਕ ਧੰਦੇ ਸ਼ੁਰੂ ਕਰਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ। ਉਨ੍ਹਾਂ ਸਵੈ-ਸਹਾਇਤਾ ਸਮੂਹਾਂ ਨੂੰ ਵੀ ਵੱਧ ਤੋਂ ਵੱਧ ਕਰਜ਼ੇ ਦੇਣ ਅਤੇ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਜਾਣਕਾਰੀ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਸਵੈ-ਰੁਜ਼ਗਾਰ ਸਕੀਮਾਂ ਅਧੀਨ ਬੈਂਕਾਂ ਵਿਚ ਆਏ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬੇਰੁਜ਼ਗਾਰ ਨੌਜਵਾਨ ਬੈਂਕਾਂ ਤੋਂ ਛੇਤੀ ਕਰਜ਼ੇ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ।
ਇਸ ਮੌਕੇ ਉਨ੍ਹਾਂ ਬੈਂਕ ਵਾਈਜ਼ ਸੀ.ਡੀ ਰੇਸ਼ੋ, ਏ.ਸੀ.ਪੀ ਦੀ ਸੀ.ਡੀ ਰੇਸ਼ੋ, ਜ਼ਿਲ੍ਹਾ ਕਰਜ਼ ਯੋਜਨਾ ਅਧੀਨ ਪ੍ਰਦਰਸ਼ਨ, ਮੱਛੀ ਪਾਲਣ ਅਤੇ ਪਸ਼ੂ ਪਾਲਣ ਲਈ ਕੇ.ਸੀ.ਸੀ ਸਹੂਲਤ ਅਤੇ ਵਿੱਤੀ ਸਮਾਵੇਸ਼ ਦੀ ਸਮੀਖਿਆ ਕਰਨ ਤੋਂ ਇਲਾਵਾ ਸਮਾਜਿਕ ਸੁਰੱਖਿਆ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ, ਪ੍ਰਧਾਨ ਮੰਤਰੀ ਸਵੈ- ਨਿਧੀ ਯੋਜਨਾ ਆਦਿ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਰਿਜ਼ਰਵ ਬੈਂਕ ਦੇ ਨੁਮਾਇੰਦੇ ਸੰਜੀਵ ਸਿੰਘ, ਡੀ. ਡੀ. ਐਮ ਨਾਬਾਰਡ ਸੰਜੀਵ ਕੁਮਾਰ, ਚੀਫ ਲੀਡ ਜ਼ਿਲ੍ਹਾ ਮੈਨੇਜਰ ਹਰਮੇਸ਼ ਸਹਿਜਲ ਤੋਂ ਇਲਾਵਾ ਸਮੂਹ ਬੈਂਕਾਂ ਦੇ ਡੀ.ਸੀ.ਓਜ਼ ਹਾਜ਼ਰ ਸਨ।