ਨਵਾਂਸ਼ਹਿਰ, (ਜਤਿੰਦਰ ਪਾਲ ਸਿੰਘ ਕਲੇਰ)
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਕੁਰਜੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਮੁੱਖ ਕਾਰਜਕਾਰੀ ਅਧਿਕਾਰੀ ਰਾਜੀਵ ਵਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਰੋਜ਼ਗਾਰ ਮੇਲੇ ਵਿਚ 123 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋੋਂ 71 ਯੋਗ ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਨੌਕਰੀ ਲਈ ਚੋਣ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਸੰਦੀਪ ਕੁਮਾਰ ਨੇ ਦੱਸਿਆ ਗਿਆ ਕਿ ਇਸ ਰੋਜ਼ਗਾਰ ਮੇਲੇ ਵਿਚ 14 ਕੰਪਨੀਆਂ, ਜਿਵੇਂ ਕਿ ਟੋਪਾਨ ਸਪੈਸ਼ਲਟੀ ਫਿਲਮਜ਼, ਵਰਧਮਾਨ ਨਿਟਿੰਗਜ਼, ਕੂਐਸ ਗਰੁੱਪ,ਚੈੱਕਮੇਟ ਸਕਿਉਰਿਟੀਜ਼, ਬਜਾਜ ਫਾਈਨਾਂਸ ਆਦਿ ਨੇ ਭਾਗ ਲਿਆ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ ਇਸ ਰੋਜ਼ਗਾਰ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦਾ ਮੌਕਾ ਦਿੱਤਾ ਗਿਆ।

ਇਸ ਮੌਕੇ ਵੱਖ-ਵੱਖ ਬੁਲਾਰਿਆ ਵੱਲੋਂ ਪ੍ਰਾਰਥੀਆਂ ਨੂੰ ਆਪਣੇ ਭਵਿੱਖ ਲਈ ਸਹੀ ਸੇਧ ਦੇਣ ਲਈ ਕਾਉਂਸਲਿੰਗ, ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਜਾਣਕਾਰੀ, ਇੰਟਰਵਿਊ ਦੇਣ ਸਬੰਧੀ ਟਿਪਸ (ਤਰੀਕੇ) ਅਤੇ ਦਫਤਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਬੇਰੋਜ਼ਗਾਰ ਪ੍ਰਾਰਥੀਆਂ ਦੀ ਮੌਕੇ ‘ਤੇ ਹੀ ਆਨਲਾਈਨ ਅਤੇ ਆਫਲਾਈਨ ਰਜਿਸਟੇ੍ਰਸ਼ਨ ਵੀ ਕੀਤੀ ਗਈ। ਰੋੋਜ਼ਗਾਰ ਮੇਲੇ ਵਿਚ ਭਾਗ ਲੈਣ ਵਾਲੇ ਨਿਯੋਜਕਾਂ ਨੂੰ ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਵੱਲੋਂ ਸ਼ਲਾਘਾ ਪੱਤਰ ਵੀ ਦਿੱਤੇ ਗਏ। ਕਾਲਜ ਦੇ ਵਾਈਸ ਪ੍ਰਿਸੀਪਲ ਪ੍ਰਿਆ ਬਾਵਾ ਵੱਲੋਂ ਰੋਜ਼ਗਾਰ ਮੇਲੇ ਨੂੰ ਸੰਪੂਰਨ ਕਰਵਾਉਣ ਹਿੱਤ ਸਮੂਹ ਨਿਯੋਜਕਾਂ, ਪ੍ਰਾਰਥੀਆਂ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।