ਆਦਮਪੁਰ ਦੋਆਬਾ
ਪੰਜਾਬ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਦਨ ਵਿੱਚ ਹੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੂੰ ” ਠੇਕੇਦਾਰ ” ਸ਼ਬਦ ਨਾਲ ਸੰਬੋਧਨ ਕੀਤਾ ਗਿਆ । ਇਲਾਕੇ ਦੇ ਉਘੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ, ਹਰਿੰਦਰ ਸਿੰਘ ਨੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ । ਉਨ੍ਹਾਂ ਕਿਹਾ ਕਿ ਸੰਤ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਛੋਹ ਪ੍ਰਾਪਤ ਵੇਈਂ ਨੂੰ ਸਾਫ਼ ਸੁਥਰਾ ਕਰਕੇ, ਸਿੱਖ ਜਗਤ ਅਤੇ ਸੰਗਤਾਂ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ । ਸਿੱਖ ਜਗਤ ਅਤੇ ਨਾਨਕ ਨਾਮ ਲੇਵਾ ਸੰਗਤਾਂ ਉਨ੍ਹਾਂ ਦੇ ਇਸ ਸੇਵਾ ਨੂੰ ਕਦੀ ਨਹੀਂ ਭੁਲਾ ਸਕਦੇ । ਉਨ੍ਹਾਂ ਦਾ ਨਾਮ ਨਾ ਸਿਰਫ ਭਾਰਤ ਵਿੱਚ, ਪੂਰੇ ਵਿਸ਼ਵ ਵਿੱਚ ਬਹੁਤ ਹੀ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ । ਉਹ ਲਗਾਤਾਰ ਬਾਬੇ ਨਾਨਕ ਦੇ ਬਚਨਾਂ ਉਪਰ , ” ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ” , ਪਹਿਰਾ ਦੇ ਰਹੇ ਹਨ । ਭਾਰਤ ਦੇ ਰਾਸ਼ਟਰਪਤੀ ਅਤੇ ” ਮਿਸਾਇਲ ਮੈਨ ” ਨਾਲ ਜਾਣੇ ਜਾਂਦੇ ( ਸਵਰਗਵਾਸੀ ) ਸ਼੍ਰੀ ਅਬਦੁਲ ਕਲਾਮ ਜੀ ਵਿਸ਼ੇਸ਼ ਤੌਰ ਤੇ ਸੀਚੇਵਾਲ ਪਿੰਡ ਆਏ, ਗੁਰੂ ਕੀ ਨਗਰੀ ਸੁਲਤਾਨਪੁਰ ਵਿਖੇ ਵੀ ਨਤਮਸਤਕ ਹੋਏ । ਉਨ੍ਹਾਂ ਸੰਤ ਬਲਬੀਰ ਸਿੰਘ ਜੀ ਦੇ ਕੰਮਾਂ ਦੀ ਬਹੁਤ ਸ਼ਲਾਘਾ ਕੀਤੀ । ਰਾਸ਼ਟਰੀ ਅਤੇ ਅੰਤਰਰਾਸ਼ਟਰੀ, ਅਨੇਕ ਬੁਧੀਜੀਵੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਹੈ । ਹਰਿੰਦਰ ਸਿੰਘ ਦਾ ਮਨਣਾ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵਰਗੀਆਂ ਰੱਬੀ ਰੂਹਾਂ ਦਾ ਅਪਮਾਨ ਕਰਨ ਬਾਰੇ ਸੋਚਣਾ ਵੀ ਪਾਪ ਹੈ । ਵਾਤਾਵਰਣ ਦੀ ਸੰਭਾਲ ਅਤੇ ਪਵਿਤਰ ਵੇਈਂ ਦੀ ਸਫਾਈ ਸਦਕਾ ਹੀ ਭਾਰਤ ਸਰਕਾਰ ਵੱਲੋਂ ਸੰਤ ਜੀ ਨੂੰ ” ਪਦਮਸ਼੍ਰੀ ” ਸਨਮਾਨ ਨਾਲ ਨਿਵਾਜਿਆ ਗਿਆ । ਮੈਂ ਵੀ ਅਕਸਰ ਹੀ ਸੰਤ ਜੀ ਵੱਲੋਂ ਉਲੀਕੇ ਗਏ ਅਨੇਕ ਸਮਾਗਮਾਂ ਵਿੱਚ ਹਾਜ਼ਰ ਹੁੰਦਾ ਹਾਂ, ਜਿਥੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਪੁੱਜੀਆਂ ਸੰਗਤਾਂ ਉਨ੍ਹਾਂ ਦੇ ਕੰਮਾਂ ਤੋਂ ਸੇਧ ਲੈਂਦਿਆਂ ਹਨ । ਇਲਾਕੇ ਵਿੱਚ ਹੜਾਂ ਦੌਰਾਨ, ਮੈਨੂੰ ਵੀ ਕਈ ਵਾਰ ਉਨ੍ਹਾਂ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ । ਉਨ੍ਹਾਂ ਨੂੰ ਦਿਨ ਰਾਤ ਕਹੀ ਨਾਲ ਕੰਮ ਕਰਦੇ ਵੇਖਿਆ, ਸਿਰ ਉਪਰ ਰੇਤਾ ਨਾਲ ਭਰੇ ਬੋਰੇ ਢੋਂਹਦੇ ਵੇਖਿਆ । ਪਾਣੀ ਨਾਲ ਘਿਰੇ ਘਰਾਂ ਦਿਆਂ ਛੱਤਾਂ ਉਪਰ ਫ਼ਸੇ ਲੋਕਾਂ ਤਕ ਕਿਸ਼ਤੀ ਰਾਹੀਂ ਲੰਗਰ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਆਪ ਲੈ ਕੇ ਜਾਂਦੇ ਰਹੇ । ਹਰ ਸਮਾਗਮ ਵਿੱਚ ਅਕਸਰ ” ਬੂਟਾ ਲੰਗਰ ” ਰਾਹੀਂ ਹਰ ਤਰ੍ਹਾਂ ਦੇ ਬੂਟੇ ਸੰਗਤਾਂ ਨੂੰ ਮੁਫ਼ਤ ਵੰਡਦੇ ਹਨ । ਸੰਤ ਜੀ ਹਰ ਵਰ੍ਹੇ ਤਕਰੀਬਨ 1.5 ਵੱਖ ਬੂਟੇ ਆਪਣੀ ਨਰਸਰੀ ਵਿਚੋਂ ਵੰਡਦੇ ਹਨ । ਉਨ੍ਹਾਂ ਵੱਲ਼ੋਂ ਛਪੜਾਂ ਦੀ ਸਫਾਈ ਲਈ ” ਸੀਚੇਵਾਲ ਮਾਡਲ ” ਬਹੁਤ ਹੀ ਕਾਮਯਾਬ ਸਿੱਧ ਹੋਇਆ ਹੈ । ਹਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ 2022 ਵਿੱਚ ਰਾਜਸਭਾ ਮੈਂਬਰ ਵਜੋਂ ਉਨ੍ਹਾਂ ਸਦਨ ਵਿੱਚ ਇਹ ਗੱਲ ਰੱਖੀ ਕਿ ਸਦਨ ਦੇ ਮੁਦੇ ਅਤੇ ਫੈਸਲੇ, ਹਰ ਸੂਬੇ ਦੀ ਭਾਸ਼ਾ ਮੁਤਾਬਕ ਦਿੱਤੇ ਜਾਣ । ਸਭਾਪਤੀ ਨੇ ਉਨ੍ਹਾਂ ਦੀ ਗੱਲ ਮੰਨਦੇ ਹੋਏ ਇਹ ਇਤਿਹਾਸਕ ਫੈਸਲਾ ਮੰਜ਼ੂਰ ਕੀਤਾ । ਸਦਨ ਵਿੱਚ ਪਹਿਲੀ ਬਾਰ ਪੰਜਾਬ ਭਾਸ਼ਾ ਨੂੰ ਮਾਣ ਮਿਲਿਆ ।

ਹਰਿੰਦਰ ਸਿੰਘ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਅਨੇਕਾਂ ਘਟਨਾਵਾਂ ਹਨ, ਜਿਥੇ ਵੱਡੇ ਵੱਡੇ ਵਿਗਿਆਨੀ ਅਸਫ਼ਲ ਰਹੇ, ਪਰੰਤੂ ਤਜਰਬੇ ਵਾਲੇ ਲੋਕ ਕਾਮਯਾਬ ਰਹੇ । ਉਨ੍ਹਾਂ ਦਸਿਆ ਕਿ “ਕਾਲਕਾ ਸ਼ਿਮਲਾ ਰੇਲ ਮਾਰਗ ” ਦੀ ਉਸਾਰੀ ਦੌਰਾਨ ਇਕ ਸੁਰੰਗ ਬਣਾਨ ਵਿੱਚ ਅੰਗਰੇਜ਼ ਇੰਜੀਨੀਅਰ ਕਰਨਲ ਐਸ ਬੈਰੋਗ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਸ ਪਹਾੜੀ ਰਾਹੀਂ ਇਹ ਸੁਰੰਗ ਬਣਾਈ ਜਾਏ । ਉਸ ਇਲਾਕੇ ਦੇ ਇਕ ਚਰਵਾਹੇ , ਭਾਲਕੂ ਰਾਮ , ਨੇ ਸੁਰੰਗ ਬਣਾਨ ਦਾ ਸਹੀ ਰਾ ਅਤੇ ਤਰੀਕਾ ਦੱਸਿਆ । ਉਸ ਪਾਸੋਂ ਦੱਸੇ ਮੁਤਾਬਕ ਰੇਲ ਮਾਰਗ ਬਣਿਆ । ਉਸ ਦੇ ਸਨਮਾਨ ਵਿੱਚ, ਅੰਗਰੇਜ਼ਾਂ ਨੇ ਉਸ ਥਾਂ ਪੈਦੇਂ ਸਟੇਸ਼ਨ ਦਾ ਨਾਂਅ ” ਭਾਕਲੂ ਸਟੇਸ਼ਨ ” ਰੱਖਿਆ । ਉਸ ਅੰਗਰੇਜ਼ ਇੰਜੀਨੀਅਰ ਨੂੰ ਉਸ ਦੀ ਅਸਫ਼ਲਤਾ ਉਪਰ ਜੁਰਮਾਨਾ ਲਗਾਇਆ ਗਿਆ । ਮਾਇਕਲ ਫੈਰੇਡੇ, ਇਸਾਕ ਨਿਯੁਟਨ , ਥੋਮਸ ਐਡੀਸਨ, ਆਈਨਸਟਾਈਨ, ਇਹ ਉਹ ਵਿਸ਼ਵ ਪ੍ਰਸਿੱਧ ਸਾਇੰਸਦਾਨ ਬਣੇ , ਜਿਹੜੇ ਮੁਡਲੀ ਸਕੂਲੀ ਸਿੱਖਿਆ ਵਿੱਚ ਫੇਲ ਜਾਂ ਨਲਾਇਕ ਮੰਨੇ ਗਏ ।
ਪੰਜਾਬ ਵਿਧਾਨਸਭਾ ਵਿੱਚ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਅਨੇਕ ਮੰਤਰੀਆਂ ਅਤੇ ਵਿਧਾਇਕਾਂ ਨੇ ਧੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਜੀ ਦੇ ਅਪਮਾਨ ਦੀ ਨਿੰਦਾ ਕੀਤੀ ।