ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਸਗੋਂ ਸਰੀਰ ਹੋਰ ਤੰਦਰੁਸਤ ਰਹਿੰਦਾ ਹੈ-ਸੇਠੀ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਬਲੱਡ ਬੈਂਕ, ਰਾਹੋਂ ਰੋਡ, ਨਵਾਂਸ਼ਹਿਰ ਵਿਖੇ ਸ਼ਹੀਦੇ ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਅਤੇ ਸੁਸਾਇਟੀ ਦੇ ਬਹੁਤ ਹੀ ਕਾਬਲ ਮੈਂਬਰ ਰਹੇ ਸਵ: ਸ. ਕੰਵਲਦੀਪ ਸਿੰਘ ਸੇਠੀ (ਮਨੀ) ਦੀ ਸਲਾਨਾ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ । ਇਸ ਮੌਕੇ ਸਵ: ਸ. ਕੰਵਲਦੀਪ ਸਿੰਘ ਸੇਠੀ ਦੇ ਪਿਤਾ ਸ. ਅਵਤਾਰ ਸਿੰਘ ਸੇਠੀ ਨੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ । ਉਨ੍ਹਾਂ ਕੈਂਪ ਵਿਚ ਖੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਉਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਮਨੁੱਖ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਸਗੋਂ ਸਰੀਰ ਹੋਰ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਖੂਨ ਨਾਲੀਆਂ ਵਿਚ ਵਹਿਣ ਦੀ ਬਜਾਏ ਮਨੁੱਖ ਦੀਆਂ ਨਾੜਾਂ ਵਿਚ ਵਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾ ਸਕੀਏ। ਉਨ੍ਹਾਂ ਕਿਹਾ ਕਿ ਖੁਸ਼ੀਆਂ ਦੇ ਮੌਕਿਆਂ ਤੇ ਜਿੱਥੇ ਰੁੱਖ ਲਗਾਉਣੇ ਚਾਹੀਦੇ ਹਨ ਉੱਥੇ ਹੀ ਕੈਂਪ ਲਗਾ ਕੇ ਖੂਨਦਾਨ ਦੀ ਲਹਿਰ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸੁਸਾਇਟੀ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਉਹਨਾਂ ਵਲੋਂ ਨਗਰ ਨਿਵਾਸੀ ਅਤੇ ਅਨੇਕਾਂ ਹੋਰ ਸੰਸਥਾਂਵਾਂ ਦੇ ਸਹਿਯੋਗ ਨਾਲ਼ ਇਹ ਉਪਰਾਲਾ ਕੀਤਾ ਗਿਆ ਸੀ ਜਿਸ ਵਿਚ 30 ਯੂਨਿਟ ਖੂਨ ਇਕੱਤਰ ਹੋਇਆ ਹੈ ਜਿਸ ਨੂੰ ਬਲੱਡ ਬੈੰਕ ਨਵਾਂਸ਼ਹਿਰ ਵਲੋਂ ਇਕੱਤਰ ਕੀਤਾ ਗਿਆ। ਇਸ ਮੌਕੇ ਪਹੁੰਚੇ ਸਾਰੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ਼ ਸਨਮਾਨਿਤ ਕੀਤਾ ਗਿਆ ਜਦੋਂ ਕਿ ਸਹਿਯੋਗੀ ਸੱਜਣਾਂ ਨੂੰ ਵਿਸ਼ੇਸ਼ ਸਨਮਾਨ।ਚਿੰਨ੍ਹ ਦੇ ਕੇ ਨਿਵਾਜਿਆ। ਅਮਰਜੀਤ ਸਿੰਘ ਖਾਲਸਾ ਨੇ 28ਵੀਂ ਵਾਰ ਖੂਨਦਾਨ ਕਰਦਿਆਂ ਕਿਹਾ ਕਿ ਖੂਨਦਾਨ ਇਕ ਮਹਾਂਦਾਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਕਿਸੇ ਕੀਮਤੀ ਮਨੁੱਖੀ ਜਾਨ ਨੂੰ ਬਚਾਇਆ ਜਾ ਸਕਦਾ ਹੈ । ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਥਾਾਂਦੀ,ਅਮਰਜੀਤ ਸਿੰਘ ਖਾਲਸਾ, ਕਰਮਜੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਸਾਹਲੋ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ਸੇਠੀ, ਸੁਖਪ੍ਰੀਤ ਸਿੰਘ ਨਰੂਲਾ, ਜਤਿੰਦਰ ਸਿੰਘ, ਮੈਨੇਜਰ ਮਨਮੀਤ ਸਿੰਘ ਅਤੇ ਬਲੱਡ ਬੈਂਕ ਸਟਾਫ ਹਾਜ਼ਰ ਸਨ ।