ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ)
ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ 0 ਤੋਂ 6 ਸਾਲ ਦੇ ਬੱਚਿਆ ਨੂੰ ਗੁਣਵੱਤਾ ਭਰਪੂਰ ‘ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ ਪ੍ਰਦਾਨ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਸਮਾਜਿਕ ਸੁਰਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਪੰਜਾਬ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ, ਸ਼ਹੀਦ ਭਗਤ ਸਿੰਘ ਨਗਰ ਜਗਰੂਪ ਸਿੰਘ ਦੀਆ ਹਦਾਇਤਾਂ ਅਨੁਸਾਰ ਆਰ. ਕੇ ਆਰੀਆ ਕਾਲਜ, ਨਵਾਂਸ਼ਹਿਰ ਦੇ ਚੌ: ਅਮਰਨਾਥ ਸੈਣੀ ਸੈਮੀਨਾਰ ਹਾਲ ਵਿਖੇ 24 ਤੋਂ 26 ਮਾਰਚ ਤੱਕ ‘ਪੋਸ਼ਣ ਵੀ ਪੜ੍ਹਾਈ ਵੀ’ ਸਕੀਮ ਤਹਿਤ ਬਲਾਕ ਬਲਾਚੌਰ ਦੀਆ 76 ਆਂਗਨਵਾੜੀ ਵਰਕਰਾਂ ਦੇ ਦੂਸਰੇ ਬੈਚ ਲਈ ਤਿੰਨ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਬਲਾਚੌਰ ਪੂਰਨ ਪੰਕਜ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਐਜੂਕੇਸ਼ਨ ਪਾਲਿਸੀ 2020 ਤਹਿਤ 0 ਤੋਂ 6 ਸਾਲ ਦੇ ਬੱਚਿਆਂ ਨੂੰ ਗੁਣਵੱਤਾ ਭਰਪੂਰ ‘ਅਰਲੀ ਚਾਈਲਡਹੁੱਡ ਕੇਅਰ ਅਤੇ ਐਜੂਕੇਸ਼ਨ, ਟੀ. ਐਲ. ਐਮ ਦੀ ਮਹੱਤਤਾ, ਚੰਗੀ ਸਿਹਤ, ਸਰਵਪੱਖੀ ਵਿਕਾਸ ਅਤੇ ਦਿਵਿਆਂਗ ਬੱਚਿਆਂ ਦੇ ਵਿਕਾਸ ਅਤੇ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਸਬੰਧੀ ਹੁਨਰ ਨਿਖਾਰ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਕੁੱਲ 151 ਆਂਗਨਵਾੜੀ ਵਰਕਰਾਂ ਨੂੰ ਸਕਿੱਲ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ 0 ਤੋਂ 6 ਸਾਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਆਂਗਨਵਾੜੀ ਸੈਂਟਰ ਵਿਚ ਦਾਖ਼ਲ ਕਰਵਾ ਕੇ ਸਕਸ਼ਮ ਆਂਗਨਵਾੜੀ ਸੈਂਟਰ ਅਤੇ ਪੋਸ਼ਣ 2.0 ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਟ੍ਰੇਨਿੰਗ ਵਿਚ ਸੁਪਰਵਾਈਜ਼ਰ ਅੰਜਲੀ, ਪਰਮਜੀਤ, ਹਰਸ਼ ਬਾਲਾ, ਨੀਲਮ ਕੁਮਾਰੀ ਅਤੇ ਸੰਦੀਪ ਚੌਧਰੀ ਨੇ ਬਤੌਰ ਸਟੇਟ ਮਾਸਟਰ ਟ੍ਰੇਨਰਜ਼ ਵਜੋਂ ਭਾਗ ਲਿਆ।
