ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਬਲਾਕਾਂ ਵਿਚ ਚੱਲ ਰਹੀਆਂ ਹਨ 83 ਯੋਗ ਕਲਾਸਾਂ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਵਾਸੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸੀ.ਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ, ਸੜੋਆ, ਬੰਗਾ, ਬਲਾਚੌਰ ਤੇ ਔੜ ਵਿਖੇ ਸੀ.ਐਮ ਦੀ ਯੋਗਸ਼ਾਲਾ ਦੀਆਂ 83 ਕਲਾਸਾਂ ਚੱਲ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਯੋਗ ਕਲਾਸਾਂ ਲਈ ਨਿਯਮਿਤ ਯੋਗ ਟ੍ਰੇਨਰ ਉਪਲਬੱਧ ਕੀਤੇ ਗਏ ਹਨ। ਉਨਾਂ ਦੱਸਿਆ ਹੈ ਕਿ ਆਪਣੇ ਇਲਾਕੇ ਵਿਚ 25 ਮੈਂਬਰਾਂ ਦਾ ਗਰੁੱਪ ਬਣਾ ਕੇ ਟੋਲ ਫਰੀ ਨੰਬਰ 7669400500 ‘ਤੇ ਕਾਲ ਕਰਕੇ ਕਲਾਸ ਸ਼ੁਰੂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਲਾਸਾਂ ਸਵੇਰੇ ਅਤੇ ਸ਼ਾਮ ਦੇ ਸਮੇਂ ਲਗਾਈਆਂ ਜਾਂਦੀਆਂ ਹਨ ਤੇ ਕਲਾਸ ਦਾ ਸਮਾਂ ਲੋਕਾਂ ਦੀ ਸੁਵਿਧਾ ਅਨੁਸਾਰ ਹੀ ਰੱਖਿਆ ਜਾਂਦਾ ਹੈ, ਤਾਂ ਜੋ ਹਰੇਕ ਵਿਆਕਤੀ ਯੋਗ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਆਪਣੀਆਂ ਬਿਮਾਰੀਆ ਨੂੰ ਕੰਟਰੋਲ ਕਰ ਸਕੇ। ਉਨ੍ਹਾਂ ਕਿਹਾ ਕਿ ਯੋਗ ਸਿਰਫ ਸਰੀਰਕ ਸਿਹਤ ਨੂੰ ਹੀ ਠੀਕ ਨਹੀਂ ਕਰਦਾ, ਸਗੋਂ ਮਾਨਸਿਕ ਸਿਹਤ ਨੂੰ ਵੀ ਠੀਕ ਕਰਦਾ ਹੈ। ਯੋਗ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਜੋੜਾਂ ਦੇ ਦਰਦ, ਥਾਇਰਾਇਡ, ਬੀ.ਪੀ ਵਧਣਾ-ਘਟਣਾ ਅਤੇ ਹੋਰ ਪੁਰਾਣੀਆਂ ਬਿਮਾਰੀਆਂ ਤੋਂ ਰਾਹਤ ਦਿਵਾਉਣ ਵਿਚ ਕਾਰਗਰ ਸਿੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀ.ਐਮ ਦੀ ਯੋਗਸ਼ਾਲਾ ਹਰ ਤਰ੍ਹਾਂ ਨਾਲ ਇਹ ਉਪਰਾਲਾ ਕਰ ਰਹੀ ਹੈ ਕਿ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਯੋਗ ਕਲਾਸਾਂ ਦਾ ਲਾਭ ਦੇ ਕੇ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਵਧੀਆ ਬਣਾਇਆ ਜਾਵੇ।