ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਕੁਰਜੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਮੁੱਖ ਕਾਰਜਕਾਰੀ ਅਧਿਕਾਰੀ ਰਾਜੀਵ ਵਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਵੱਲ਼ੋਂ ਮਿਤੀ 27 ਮਾਰਚ 2025 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਐਸ.ਡੀ.ਐਸ ਸਰਕਾਰੀ ਕਾਲਜ, ਜਾਡਲਾ ਵਿਖੇ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼ਹੀਦ ਭਗਤ ਸਿੰਘ ਨਗਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਵੱਖ-ਵੱਖ ਨਾਮੀ ਕੰਪਨੀਆਂ ਜਿਵੇਂ ਕਿ ਕੂਐਸ ਗਰੁੱਪ, ਚੈੱਕਮੇਟ ਸਕਿਉਰਿਟੀਜ਼, ਸ਼੍ਰੀਰਾਮ ਫਾਈਨਾਂਸ, ਕੁਆਂਟਮ ਪੇਪਰਜ਼, ਏਸ਼ੀਅਨ ਸਕਿਉਰਿਟੀਜ਼ ਆਦਿ ਵੱਲੋਂ 200 ਤੋਂ ਵੱਧ ਅਸਾਮੀਆਂ ਜਿਵੇਂ ਕਿ ਟੈਕਨੀਸ਼ੀਅਨ, ਕੈਸ਼ੀਅਰ, ਸਕਿਉਰਿਟੀ ਗਾਰਡ, ਕੰਪਿਊਟਰ ਓਪਰੇਟਰ ਆਦਿ ਲਈ ਇੰਟਰਵਿਊ ਲਿਆ ਜਾਣਾ ਹੈ। ਇਸ ਰੋਜ਼ਗਾਰ ਮੇਲੇ ਵਿਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋਂ ਘੱਟ ਯੋਗਤਾ 10ਵੀਂ, 12ਵੀਂ, ਆਈ.ਟੀ.ਆਈ., ਡਿਪਲੋਮਾ ਹੋਲਡਰ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ। ਇਸ ਵਿਚ ਪ੍ਰਾਰਥੀਆਂ ਨੂੰ 8000 ਤੋਂ 20000 ਤੱਕ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਣੀ ਹੈ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਇੰਟਰਵਿਊ ਵਿਚ ਭਾਗ ਲੈਣ ਲਈ ਆਪਣਾ ਬਾਇਓਡਾਟਾ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਵਿਦਿਅਕ ਯੋਗਤਾ ਦੇ ਸਾਰੇ ਸਰਟੀਫਿਕੇਟ ਅਸਲ ਅਤੇ ਕਾਪੀਆਂ ਨਾਲ ਲੈ ਕੇ ਰੋਜ਼ਗਾਰ ਮੇਲੇ ਵਿਚ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 88727-59915 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।