ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਆਪਣੇ ਬਿਆਨ ਦੌਰਾਨ ਕਿਹਾ ਕਿ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਹੁਣ ਅਸਾਮ ਦੀ ਜੇਲ੍ਹ ਵਿੱਚ ਹੈ। ਇਸ ਬਿਆਨ ਦੇ ਬਾਅਦ ਪੰਜਾਬ ਵਿੱਚ ਵਿਰੋਧ ਹੋਇਆ, ਜਿਸ ‘ਤੇ ਕਥਾਵਾਚਕ ਬਾਬਾ ਬੰਤਾ ਸਿੰਘ ਨੇ ਜਵਾਬ ਦਿੱਤਾ। ਬਾਬਾ ਬੰਤਾ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਬਿਆਨ ਕਿਸੇ ਕੌਮ ਦੇ ਖਿਲਾਫ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਰੀਸ ਕਰਨਾ ਗਲਤ ਨਹੀਂ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੇ ਬਿਆਨਾਂ ਨੂੰ ਅਸਵੀਕਾਰ ਕਰਦੇ ਹੋਏ ਕਿਹਾ ਕਿ ਇਹ ਵੱਡੇ ਅਹੁਦੇ ‘ਤੇ ਬੈਠੇ ਲੋਕਾਂ ਲਈ ਢੰਗ ਨਹੀਂ ਹੈ। ਬਾਬਾ ਬੰਤਾ ਸਿੰਘ ਨੇ ਕਿਹਾ ਕਿ ਇਹ ਸਾਡੇ ਨਾਇਕ ਹਨ ਤੇ ਤੁਸੀਂ ਇਨ੍ਹਾਂ ਨੂੰ ਖਲਨਾਇਕ ਨਾ ਕਹੋ, ਜੋ ਹਿੰਦੂਆਂ ਨੇ ਨਾਇਕ ਹਨ ਅਸੀਂ ਉਨ੍ਹਾਂ ਨੂੰ ਖਲਨਾਇਕ ਨਹੀਂ ਕਹਿੰਦੇ, ਪਰ ਸਾਡੇ ਨਾਇਕਾਂ ਨੂੰ ਨੀਵਾਂ ਦਿਖਾਉਣਾ ਬੰਦ ਕਰ ਦਿਓ। ਇਹੋ ਜਿਹੇ ਬਿਆਨ 2027 ਵਿੱਚ ਹਿੰਦੂ ਵੀਰਾਂ ਦੀਆਂ ਵੋਟਾਂ ਤਾਂ ਦਵਾ ਸਕਦੇ ਹਨ ਪਰ ਇਸ ਨਾਲ ਭਾਈਚਾਰਕ ਸਾਂਝ ਨਹੀਂ ਰਹੇਗੀ। ਯਾਦ ਰਹੇ ਕਿ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ ਵਿੱਚ ਕੁਝ ਲੋਕ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸਰਕਾਰ ਨੇ ਉਨ੍ਹਾਂ ਨੂੰ ਰੋਕਿਆ ਅਤੇ ਹੁਣ ਉਹ ਅਸਾਮ ਦੀ ਜੇਲ੍ਹ ਵਿੱਚ ਹਨ, ਜਿੱਥੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ।