ਨਵਾਂਸ਼ਹਿਰ ( ਜਤਿੰਦਰ ਪਾਲ ਸਿੰਘ ਕਲੇਰ)
“ਜੀਉਂਦੇ ਜੀਅ ਖੂਨਦਾਨ, ਜਾਂਦੇ ਹੋਏ ਨੇਤਰਦਾਨ” ਵਾਲ੍ਹੇ ਜਾਗਰੂਕਤਾ ਸੰਦੇਸ਼ ਲਈ ਨੇਤਰਦਾਨੀ ਸਵ: ਹਰਦੇਵ ਸਿੰਘ ਇੱਕ ਪ੍ਰੇਰਕ ਬਣ ਗਏ ਹਨ- ਇਹ ਸ਼ਬਦ ਜਥੇਦਾਰ ਤ੍ਰਲੋਚਨ ਸਿੰਘ ਦੁਪਾਲਪੁਰੀ ਨੇ ਸਥਾਨਕ ਗੁਰੂ ਨਾਨਕ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਹਰਦੇਵ ਸਿੰਘ ਨਮਿੱਤ ਅੰਤਮ ਅਰਦਾਸ ਉਪ੍ਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਕਿਹਾ ਕਿ ਉਹਨਾਂ ਦੀ ਨੂੰਹ ਸੁਖਵਿੰਦਰ ਕੌਰ ਰੈਗੂਲਰ ਖੂਨਦਾਨੀ ਹੈ ਜਿਸ ਨੇ 36 ਵਾਰ ਖ਼ੂਨਦਾਨ ਕੀਤਾ ਹੈ ਇਸ ਤਰ੍ਹਾਂ ਇਹ ਪ੍ਰੀਵਾਰ ਖੂਨਦਾਨ ਤੇ ਨੇਤਰਦਾਨ ਸੇਵਾ ਲਈ ਮਿਸਾਲ ਬਣਿਆ ਹੈ।

ਉਹਨਾਂ ਆਖਿਆ ਕਿ ਸਾਨੂੰ ਆਪਣੇ ਪ੍ਰਲੋਕ ਨੂੰ ਸੁਧਾਰਨ ਦੀ ਇੱਛਾ ਰੱਖਦਿਆਂ ਆਪਣੇ ਵਰਤਮਾਨ ਨੂੰ ਸੁਧਾਰਨ ਦੇ ਯਤਨ ਵੀ ਜਾਰੀ ਰੱਖਣੇ ਚਾਹੀਦੇ ਹਨ। ਬੀ.ਡੀ.ਸੀ ਅਤੇ ਉਪਕਾਰ ਸੋਸਾਇਟੀ ਵਲੋਂ ਜੇ.ਐਸ.ਗਿੱਦਾ ਨੇ ਖੂਨਦਾਨ ਨੂੰ ਉਤੱਮ ਦਾਨ ਦੱਸਦਿਆਂ ਕਿਹਾ ਕਿ 18 ਤੋਂ 65 ਸਾਲ ਦੀ ਉਮਰ, ਘੱਟੋ ਘੱਟ 45 ਕਿਲੋ ਦੇ ਸਰੀਰਕ ਭਾ, ਤੇ 12.5 ਗ੍ਰਾਮ ਪ੍ਰਤੀਸ਼ਤ ਹੀਮੋਗਲੋਬਿਨ ਰੱਖਣ ਵਾਲ੍ਹੇ ਤੰਦਰੁਸਤ ਵਿਅਕਤੀ ਤਿੰਨ ਮਹੀਨੇ ਬਾਅਦ ਖੂਨ ਦਾਨ ਕਰਕੇ ਲੋੜਵੰਦ ਮਨੁੱਖੀ ਜਾਨਾਂ ਬਚਾ ਸਕਦੇ ਹਨ। ਨੇਤਰਦਾਨ ਸੰਸਥਾ ਰੋਪੜ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਜੀਉਂਦੇ ਜੀਅ ਜਾਗਰੂਕ ਪ੍ਰਾਣੀ ਇੱਕ ਪ੍ਰਣ-ਪੱਤਰ ਰਾਹੀਂ ਇਹ ਵਾਅਦਾ ਕਰਦੇ ਹਨ ਕਿ ਉਹ ਦੁਨੀਆਂ ਤੋਂ ਜਾਣ ਉਪ੍ਰੰਤ ਨੇਤਰ ਦਾਨ ਕਰਨ ਲਈ ਸਹਿਮਤੀ ਦਿੰਦੇ ਹਨ। ਇਸ ਦਾਨ ਨਾਲ੍ਹ ਸਬੰਧਤ ਪ੍ਰੀਵਾਰ ਦੀ ਜਾਗਰੂਕਤਾ ਜ਼ਰੂਰੀ ਹੈ ਕਿਉਂਕਿ ਵਿਛੜੇ ਪ੍ਰਾਣੀ ਵਾਰੇ ਸੰਸਥਾ ਨੂੰ ਸੂਚਨਾ ਪ੍ਰੀਵਾਰ ਵਲੋਂ ਹੀ ਸੰਭਵ ਹੁੰਦੀ ਹੈ। ਉਹਨਾਂ ਕਿਹਾ ਕਿ ਸਾਡੇ ਦੇਸ ਵਿੱਚ ਕਰੀਬ ਇੱਕ ਕਰੋੜ ਲੋਕ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਹਨ ਪਰ ਅਸੀਂ ਅਗਿਆਨਤਾ ਵੱਸ ਮ੍ਰਿਤਕ ਕੀਮਤੀ ਅੱਖਾਂ ਅਗਨ ਭੇਟ ਕਰ ਦਿੰਦੇ ਹਾਂ ਪਰ ਨੇਤਰਦਾਨੀਆਂ ਦੇ ਦਾਨ ਨਾਲ੍ਹ ਕੁੱਝ ਲੋੜਵੰਦਾਂ ਨੂੰ ਰੌਸ਼ਨੀ ਵੀ ਮਿਲ੍ਹ ਰਹੀ ਹੈ ਜਿਵੇਂ ਸਵ: ਹਰਦੇਵ ਸਿੰਘ ਨੇ ਦੁਨੀਆ ਤੋਂ ਜਾਂਦਿਆਂ ਦੋ ਵਿਅਕਤੀਆਂ ਦੀਆਂ ਅੱਖਾਂ ਨੂੰ ਰੌਸ਼ਨੀ ਦੇਣ ਦਾ ਪੁੰਨ ਕਮਾਇਆ ਹੈ। ਇਸ ਮੌਕੇ ਸੰਸਥਾ ਵਲੋਂ ਨੇਤਰਦਾਨੀ ਹਰਦੇਵ ਸਿੰਘ ਦੇ ਸਪੁੱਤਰ ਭੁਪਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਵਿੱਚ ਸਟੇਜ ਸਕੱਤਰ ਸੁਖਵਿੰਦਰ ਸਿੰਘ, ਗੁਰਿੰਦਰ ਕੌਰ, ਬਲਵੀਰ ਕੌਰ, ਸੁਖਵਿੰਦਰ ਕੌਰ, ਗੁਰਦੇਵ ਸਿੰਘ ਪਾਬਲਾ ਸਰਪੰਚ ਲੰਗੜੋਆ, ਸਿਹਤ ਮੰਤਰੀ ਪੰਜਾਬ ਦੇ ਭਾਈ ਜਸਵੀਰ ਸਿੰਘ ਭੌਰਾ, ਮਨਮੀਤ ਸਿੰਘ ਮੈਨੇਜਰ ਬੀ.ਡੀ.ਸੀ., ਸੁਮੀਤ ਗਿੱਲ ਹੁਸ਼ਿਆਰਪੁਰ ਤੇ ਮਲਵਿੰਦਰ ਸਿੰਘ ਲੁਧਿਆਣਾ ਆਦਿ ਹਾਜਰ ਸਨ।