ਸ਼ੰਭੂ ਬਾਰਡਰ ‘ਤੇ ਇੱਕ ਪਾਸੇ ਦੀ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਰਸਤਾ ਵੀ ਸ਼ਾਮਲ ਹੈ। ਵੀਰਵਾਰ ਨੂੰ ਪੁਲਿਸ ਨੇ ਸ਼ੰਭੂ-ਅੰਬਾਲਾ ਹਾਈਵੇ ਨੂੰ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਖੋਲ੍ਹ ਦਿੱਤਾ। ਰਾਜਪੁਰਾ ਤੋਂ ਅੰਬਾਲਾ ਜਾਣ ਲਈ ਵੀ ਇੱਕ ਪਾਸੇ ਦਾ ਰਸਤਾ ਖੋਲ੍ਹਿਆ ਗਿਆ, ਜਿਸ ਨਾਲ ਆਵਾਜਾਈ ਸ਼ੁਰੂ ਹੋ ਗਈ। ਹੁਣ ਪੰਜਾਬ-ਹਰਿਆਣਾ ਸਿਰਫ਼ NHAI ਦੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ। ਵੀਰਵਾਰ ਸਵੇਰੇ ਹਰਿਆਣਾ ਤੋਂ ਭੇਜੇ ਗਏ ਬੁਲਡੋਜ਼ਰਾਂ ਨੇ ਕੰਕਰੀਟ ਦੇ ਬੈਰੀਕੇਡ ਹਟਾ ਦਿੱਤੇ, ਜਦੋਂ ਕਿ ਪੰਜਾਬ ਪੁਲਿਸ ਨੇ ਕਿਸਾਨਾਂ ਵੱਲੋਂ ਬਣਾਏ ਆਰਜ਼ੀ ਢਾਂਚੇ ਨੂੰ ਪਹਿਲਾਂ ਹੀ ਹਟਾ ਦਿੱਤਾ ਸੀ। ਸ਼ੰਭੂ ਸਰਹੱਦ ‘ਤੇ ਇਕ ਲੇਨ ਤੋਂ ਕੰਕਰੀਟ ਅਤੇ ਪੱਥਰ ਦੀ ਬੈਰੀਕੇਡਿੰਗ ਹਟਾਉਣ ਦਾ ਕੰਮ ਪੂਰਾ ਹੋ ਗਿਆ ਹੈ, ਅਤੇ ਸ਼ਾਮ 4:30 ਵਜੇ ਦੇ ਕਰੀਬ ਵਾਹਨਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ। ਦੂਜੀ ਲੇਨ ਖੋਲ੍ਹਣ ਦਾ ਕੰਮ ਵੀ ਜਾਰੀ ਹੈ। ਸੜਕ ਖੁੱਲਣ ਨਾਲ ਹੁਣ 20 ਕਿਲੋਮੀਟਰ ਦਾ ਵਾਧੂ ਸਫ਼ਰ ਨਹੀਂ ਕਰਨਾ ਪਵੇਗਾ। ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਕੋਈ ਤਾਕਤ ਨਹੀਂ ਵਰਤੀ ਅਤੇ ਕਿਸਾਨਾਂ ਨੇ ਸਹਿਯੋਗ ਦਿੱਤਾ। ਸੜਕ ਸਾਫ਼ ਹੋਣ ਤੋਂ ਬਾਅਦ ਆਵਾਜਾਈ ਜਲਦੀ ਹੀ ਸੁਚਾਰੂ ਹੋ ਜਾਵੇਗੀ। ਫਰਵਰੀ 2024 ਤੋਂ ਵੱਖ-ਵੱਖ ਮੰਗਾਂ ਲਈ ਇਕੱਠੇ ਹੋਏ ਕਿਸਾਨਾਂ ਨੇ ਇਸ ਰਸਤੇ ਨੂੰ ਬੰਦ ਕਰ ਦਿੱਤਾ ਸੀ, ਜਿਸ ਨਾਲ ਦੋਵਾਂ ਸੂਬਿਆਂ ਵਿਚ ਆਵਾਜਾਈ ਪ੍ਰਭਾਵਿਤ ਹੋਈ ਸੀ। ਵੀਰਵਾਰ ਨੂੰ ਹਰਿਆਣਾ ਪੁਲਿਸ ਨੇ ਦੋਨੋਂ ਰਾਜਾਂ ਦੀ ਸਰਹੱਦ ‘ਤੇ ਕੰਕਰੀਟ ਦੇ ਬੈਰੀਕੇਡ ਹਟਾ ਦਿੱਤੇ ਹਨ ਅਤੇ ਬੁਲਡੋਜ਼ਰਾਂ ਦੀ ਮਦਦ ਨਾਲ ਸੜਕ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਮੁੱਖ ਮਾਰਗ ਵੀ ਸ਼ਾਮ ਤੱਕ ਪੂਰੀ ਤਰ੍ਹਾਂ ਖੁੱਲ੍ਹ ਜਾਣ ਦੀ ਉਮੀਦ ਹੈ। ਪੰਜਾਬ ਪੁਲਿਸ ਵੀ ਧਰਨੇ ਵਾਲੀ ਥਾਂ ‘ਤੇ ਬਣੀਆਂ ਆਰਜ਼ੀ ਢਾਂਚਿਆਂ ਨੂੰ ਹਟਾਉਣ ‘ਚ ਜੁਟੀਆਂ ਹੋਈਆਂ ਹਨ।