Monday, March 17, 2025

ਫੌਜ ਦੇ ਕਰਨਲ ਤੇ ਉਸਦੇ ਪੁੱਤਰ ਤੇ ਹਮਲਾ ਕਰਨ ਵਾਲੇ 12 ਪੁਲਿਸ ਮੁਲਾਜ਼ਮ ਮੁਅੱਤਲ

ਕਰਨਲ ਦੀ ਪਤਨੀ ਨੇ ਪੁਲਿਸ ਤੇ ਲਗਾਏ ਦੋਸ਼ੀ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਆਰੋਪ

ਪਟਿਆਲਾ

ਪਟਿਆਲਾ ਵਿੱਚ ਫੌਜ ਦੇ ਕਰਨਲ ਅਤੇ ਉਸ ਦੇ ਪੁੱਤਰ ‘ਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ। ਹਮਲੇ ਦੀ ਪੂਰੀ ਘਟਨਾ ਵੀਡੀਓ ਵਿੱਚ ਕੈਦ ਹੋ ਗਈ ਸੀ। ਪਰਿਵਾਰ ਨੇ ਇਸ ਸਬੰਧ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸਾਰਾ ਵਿਵਾਦ ਪਾਰਕਿੰਗ ਦੇ ਮਾਮਲੇ ‘ਤੇ ਸੀ। ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ, ਜੋ 45 ਦਿਨਾਂ ਵਿੱਚ ਪੂਰੀ ਹੋ ਜਾਵੇਗੀ। ਉਨ੍ਹਾਂ ਨੇ ਫੌਜੀ ਅਧਿਕਾਰੀ ਦੇ ਮਾਮਲੇ ਵਿੱਚ ਮੁਆਫ਼ੀ ਵੀ ਮੰਗੀ ਅਤੇ ਫੌਜ ਦਾ ਪੂਰਾ ਸਤਿਕਾਰ ਕਰਨ ਦੀ ਗੱਲ ਕੀਤੀ।
ਕਰਨਲ ਦੀ ਪਤਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪੁੱਤਰ ਪੁਸ਼ਪਿੰਦਰ ਸਿੰਘ ਬਾਠ ਅਤੇ ਅੰਗਦ ਸਿੰਘ ਨੂੰ ਪੁਲਿਸ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਇੰਸਪੈਕਟਰ ਹੈਰੀ ਬੋਪਾਰਾਏ ਅਤੇ ਇੰਸਪੈਕਟਰ ਰੋਨੀ ਸਿੰਘ ਅਤੇ ਉਨ੍ਹਾਂ ਦੇ ਲਗਭਗ 10 ਪੁਲਿਸ ਮੁਲਾਜ਼ਮਾਂ ਨੇ ਡੰਡਿਆਂ, ਬੇਸਬਾਲ ਬੈਟਾਂ ਅਤੇ ਕੁਝ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟਿਆ। ਇਸ ਦੌਰਾਨ, ਉਸ ਦੇ ਪਤੀ ਨੂੰ ਕਈ ਸੱਟਾਂ ਲੱਗੀਆਂ, ਜਿਸ ਵਿੱਚ ਉਸ ਦੀ ਖੱਬੀ ਬਾਂਹ ਟੁੱਟ ਗਈ, ਅਤੇ ਪੁੱਤਰ ਅੰਗਦ ਸਿੰਘ ਦੇ ਸਿਰ ‘ਤੇ ਡੂੰਘਾ ਜ਼ਖ਼ਮ ਆਇਆ। ਦੋਵਾਂ ਨੂੰ 14 ਮਾਰਚ ਨੂੰ ਦੁਪਹਿਰ 2:00 ਵਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਫੁਟੇਜ ਵਿੱਚ ਸਾਰਾ ਮਾਮਲਾ ਸਪੱਸ਼ਟ ਹੈ।
ਘਟਨਾ ਤੋਂ ਬਾਅਦ ਪਤੀ ਅਤੇ ਪੁੱਤਰ ਦੇ ਬਿਆਨ ਬਹੁਤ ਦੇਰ ਨਾਲ ਦਰਜ ਕੀਤੇ ਗਏ, ਪਰ ਅਜੇ ਤੱਕ ਸਬੰਧਤ ਪੁਲਿਸ ਸਟੇਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮੇਰੀਆਂ ਵਾਰ-ਵਾਰ ਬੇਨਤੀਆਂ ਅਤੇ ਪਟਿਆਲਾ ਪੁਲਿਸ ਸਟੇਸ਼ਨ ਦੇ ਦੌਰੇ ਦੇ ਬਾਵਜੂਦ ਅਜੇ ਤੱਕ ਐਫ਼ਆਈਆਰ ਦਰਜ ਨਹੀਂ ਕੀਤੀ ਗਈ ਹੈ।
ਕਰਨਲ ਦੀ ਪਤਨੀ ਨੇ ਪੁਲਿਸ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਦੋਸ਼ੀ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸਦੇ ਪਰਿਵਾਰ ‘ਤੇ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਉਹ ਆਪਣੀ ਸ਼ਿਕਾਇਤ ਦਰਜ ਕਰਨ ਲਈ ਪੁਲਿਸ ਸਟੇਸ਼ਨ ਪਹੁੰਚੀ ਤਾਂ ਦੋਸ਼ੀਆਂ ਨੇ ਉਸ ‘ਤੇ ਝੂਠੇ ਹਮਲੇ ਦਾ ਦੋਸ਼ ਵੀ ਲਗਾ ਦਿੱਤਾ।

Related Articles

LEAVE A REPLY

Please enter your comment!
Please enter your name here

Latest Articles