ਬਲੋਚਿਸਤਾਨ ਲਿਬਰੇਸ਼ਨ ਆਰਮੀ ਹਾਲ ਹੀ ਵਿੱਚ ਪਾਕਿਸਤਾਨੀ ਫੌਜ ‘ਤੇ ਨਿਰੰਤਰ ਹਮਲੇ ਕਰ ਰਹੀ ਹੈ। ਐਤਵਾਰ ਨੂੰ, ਬਲੋਚ ਵਿਦਰੋਹੀਆਂ ਨੇ ਪਾਕਿਸਤਾਨੀ ਫੌਜ ਦੇ ਇੱਕ ਕਾਫਲੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਘੱਟੋ-ਘੱਟ 90 ਸੈਨਿਕਾਂ ਦੀ ਮੌਤ ਹੋਈ। BLA ਨੇ ਦਾਅਵਾ ਕੀਤਾ ਹੈ ਕਿ ਮਜੀਦ ਬ੍ਰਿਗੇਡ ਨੇ ਇਸ ਕਾਫਲੇ ‘ਤੇ ਆਤਮਘਾਤੀ ਹਮਲਾ ਕੀਤਾ, ਜਿਸ ਤੋਂ ਬਾਅਦ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਫਤਿਹ ਦਸਤੇ ਨੇ ਹਮਲਾ ਕੀਤਾ, ਜਿਸ ਨਾਲ ਮਰਨ ਵਾਲੇ ਪਾਕਿਸਤਾਨੀ ਸੈਨਿਕਾਂ ਦੀ ਗਿਣਤੀ 90 ਹੋ ਗਈ। ਇਸ ਕਾਫਲੇ ਵਿੱਚ 7 ਬੱਸਾਂ ਸ਼ਾਮਲ ਸਨ, ਜੋ ਕਿ ਕਵੇਟਾ ਤੋਂ ਤਫ਼ਤਾਨ ਜਾ ਰਹੀਆਂ ਸਨ, ਅਤੇ ਇਹ ਹਮਲਾ ਬਲੋਚਿਸਤਾਨ ਦੇ ਨੋਸ਼ਕੀ ‘ਚ ਆਰਸੀਡੀ ਹਾਈਵੇਅ ‘ਤੇ ਕੀਤਾ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ, ਪਾਕਿਸਤਾਨੀ ਫੌਜ ਦੇ ਕਾਫ਼ਲੇ ‘ਤੇ ਹੋਏ ਇਸ ਆਤਮਘਾਤੀ ਹਮਲੇ ਦੇ ਬਾਅਦ 3 ਪਾਕਿਸਤਾਨੀ ਹੈਲੀਕਾਪਟਰ ਨੋਸ਼ਕੀ ਭੇਜੇ ਗਏ। ਹਸਪਤਾਲਾਂ ਵਿੱਚ ਐਮਰਜੈਂਸੀ ਲਗਾਈ ਗਈ ਹੈ, ਜਦੋਂ ਕਿ ਐਂਬੂਲੈਂਸਾਂ ਲਗਾਤਾਰ ਐਫਸੀ ਹੈੱਡਕੁਆਰਟਰ ਵੱਲ ਜਾ ਰਹੀਆਂ ਹਨ। ਬੀਐਲਏ ਦੇ ਬੁਲਾਰੇ ਜਿਆਂਦ ਬਲੋਚ ਨੇ ਕਿਹਾ ਕਿ ਇਹ ਹਮਲਾ ਵਿਸਫੋਟਕਾਂ ਨਾਲ ਭਰੇ ਵਾਹਨ (ਵੀਬੀਆਈਡੀ) ਦੀ ਵਰਤੋਂ ਕਰਕੇ ਕੀਤਾ ਗਿਆ। ਇਸ ਕਾਫ਼ਲੇ ਵਿੱਚ ਕੁੱਲ 7 ਬੱਸਾਂ ਸਨ, ਜਿਨ੍ਹਾਂ ਵਿੱਚ ਪਾਕਿਸਤਾਨੀ ਫੌਜੀ ਸਵਾਰ ਸਨ। ਮਜੀਦ ਬ੍ਰਿਗੇਡ ਨੇ ਆਰਸੀਡੀ ਹਾਈਵੇਅ ‘ਤੇ ਰਖਸ਼ਾਨ ਮਿੱਲ ਦੇ ਨੇੜੇ ਇਸ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਆਤਮਘਾਤੀ ਹਮਲੇ ਵਿੱਚ ਇੱਕ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ।
ਉਨ੍ਹਾਂ ਦੱਸਿਆ ਕਿ ਫਿਦਾਇਨ ਦੇ ਹਮਲੇ ਤੋਂ ਬਾਅਦ ਬੀਐੱਲਏ ਦੇ ‘ਫ਼ਤਿਹ ਦਸਤੇ’ ਨੇ ਇੱਕ ਹੋਰ ਬੱਸ ਨੂੰ ਘੇਰ ਲਿਆ ਅਤੇ ਉਸ ਵਿੱਚ ਮੌਜੂਦ ਸਾਰੇ ਸੈਨਿਕਾਂ ਨੂੰ ਮਾਰ ਦਿੱਤਾ। ਬਲੋਚ ਨੇ ਕਿਹਾ ਕਿ ਬੀਐੱਲਏ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਇਸ ਬਾਰੇ ਹੋਰ ਜਾਣਕਾਰੀ ਜਲਦੀ ਹੀ ਮੀਡੀਆ ਨੂੰ ਦਿੱਤੀ ਜਾਵੇਗੀ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਬੀਐੱਲਏ ਵੱਲੋਂ ਇਹ ਇੱਕ ਹਫ਼ਤੇ ਦੇ ਅੰਦਰ ਦੂਜਾ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਬਲੋਚ ਬਾਗੀਆਂ ਨੇ ਬੋਲਾਨ ਇਲਾਕੇ ਵਿੱਚ ਜਾਫਰ ਐਕਸਪ੍ਰੈੱਸ ਨੂੰ ਹਾਈਜੈਕ ਕੀਤਾ ਸੀ, ਜਿਸ ਵਿੱਚ ਸੁਰੱਖਿਆ ਬਲਾਂ ਅਤੇ ਕੱਟੜਪੰਥੀਆਂ ਵਿਚਾਲੇ ਲਗਭਗ 30 ਘੰਟੇ ਤੱਕ ਮੁੱਠਭੇੜ ਚੱਲੀ।